ਬਰਜਿੰਦਰਾ ਕਾਲਜ ’ਚ ਬੰਦ ਨਹੀਂ ਹੋਵੇਗੀ ਬੀਐੱਸਸੀ

ਪੰਜਾਬ ਸਰਕਾਰ ਵੱਲੋਂ ਕਾਲਜ ਨੂੰ 15 ਏਕੜ ਜ਼ਮੀਨ ਹੋਰ ਦੇਣ ਦਾ ਫ਼ੈਸਲਾ

ਬਰਜਿੰਦਰਾ ਕਾਲਜ ’ਚ ਬੰਦ ਨਹੀਂ ਹੋਵੇਗੀ ਬੀਐੱਸਸੀ

ਬਰਜਿੰਦਰਾ ਕਾਲਜ ਲਈ ਕੋਟਕਪੂਰਾ-ਫਰੀਦਕੋਟ ਰੋਡ ’ਤੇ ਖਰੀਦੀ ਗਈ ਜਮੀਨ।

ਜਸਵੰਤ ਜੱਸ
ਫਰੀਦਕੋਟ, 2 ਅਗਸਤ

ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਫਰੀਦਕੋਟ ਦੇ ਇਤਿਹਾਸਕ ਬਰਜਿੰਦਰਾ ਕਾਲਜ ਵਿੱਚ ਬੀਐੱਸਸੀ ਖੇਤੀਬਾੜੀ ਦੀਆਂ ਕਲਾਸਾਂ ਬੰਦ ਨਹੀਂ ਹੋਣਗੀਆਂ। ਇਸ ਸਬੰਧੀ ਸ਼ਨਿਚਰਵਾਰ ਦੇਰ ਸ਼ਾਮ ਮੁੱਖ ਮੰਤਰੀ ਪੰਜਾਬ ਨੇ ਅਾਪਣੇ ਸਿਆਸੀ ਸਲਾਹਕਾਰ ਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਖੇਤੀਬਾੜੀ ਮੰਤਰੀ ਤ੍ਰਿਪਤਇੰਦਰ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਬੀਐੱਸਸੀ ਖੇਤੀਬਾੜੀ ਕਲਾਸਾਂ ਨੂੰ ਚਾਲੂ ਰੱਖਣ ਲਈ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ਨੂੰ 15 ਏਕੜ ਜ਼ਮੀਨ ਕੋਟਕਪੂਰਾ ਰੋਡ ’ਤੇ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਖਿਆ ਕਿ ਹੁਣ ਬਰਜਿੰਦਰਾ ਕਾਲਜ ਕੋਲ ਕੁੱਲ 35 ਏਕੜ ਜ਼ਮੀਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਖੇਤੀਬਾੜੀ ਕਾਲਜਾਂ ਲਈ 50 ਏਕੜ ਵਾਲੀ ਸ਼ਰਤ ਖ਼ਤਮ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰੀ ਖੇਤੀ ਖੋਜ ਸੰਸਥਾ ਕੋਲ ਪਹੁੰਚ ਕਰਕੇ ਮੰਗ ਕੀਤੀ ਹੈ ਕਿ ਬੀਐੱਸਸੀ ਖੇਤੀਬਾੜੀ ਲਈ 50 ਏਕੜ ਤੋਂ ਘਟਾ ਕੇ 25 ਏਕੜ ਦੀ ਸ਼ਰਤ ਰੱਖੀ ਜਾਵੇ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਫ਼ਰੀਦਕੋਟ ਵਿੱਚ ਬੀਐੱਸਸੀ ਖੇਤੀਬਾੜੀ ਦੀਆਂ 100 ਸੀਟਾਂ ਪਹਿਲਾਂ ਵਾਂਗ ਚੱਲਦੀਆਂ ਰਹਿਣਗੀਆਂ ਅਤੇ ਕਾਲਜ ਲਈ ਲੋੜੀਂਦੀ ਜ਼ਮੀਨ ਦਾ ਪੰਜਾਬ ਸਰਕਾਰ ਨੇ ਪ੍ਰਬੰਧ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਖੇਤੀਬਾੜੀ ਕਾਲਜਾਂ ਵਿੱਚ ਸਟਾਫ਼ ਦੀ ਘਾਟ ਨੂੰ ਵੀ ਤੁਰੰਤ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਰਾਤ ਫੇਸਬੁੱਕ ਲਾਈਵ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਰਜਿੰਦਰਾ ਕਾਲਜ ਦੇ ਪ੍ਰੋਫ਼ੈਸਰ ਨਰਿੰਦਰਜੀਤ ਸਿੰਘ ਬਰਾੜ ਨੇ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All