ਜੋਗਿੰਦਰ ਸਿੰਘ ਮਾਨ
ਮਾਨਸਾ, 20 ਜਨਵਰੀ
ਮਾਨਸਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਦੇ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਦੀ ਨਿਲਾਮੀ ਉਸ ਵੇਲੇ ਰੁਕ ਗਈ, ਜਦੋਂ ਉਸ ਦੇ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਨੇ ਝੰਡੇ ਚੁੱਕੇ ਲਏ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਸਬੰਧੀ ਕਾਰਵਾਈ ਲਈ ਮੌਕੇ ’ਤੇ ਨਾ ਪਹੁੰਚਿਆ। ਇਸ ਤੋਂ ਬਾਅਦ ਤਹਿਸੀਲਦਾਰ ਦੇ ਦਫ਼ਤਰ ਅੱਗੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਅਤੇ ਜਥੇਬੰਦੀ ਨੇ ਜੇਤੂ ਰੈਲੀ ਕਰ ਕੇ ਕਿਸੇ ਕਿਸਾਨ ਦੀ ਜ਼ਮੀਨ, ਮਜ਼ਦੂਰ ਦਾ ਘਰ ਕਰਜ਼ੇ ਲਈ ਨਿਲਾਮ ਨਾ ਹੋਣ ਦਾ ਹੋਕਾ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਕਰਮਗੜ੍ਹ ਔਤਾਂਵਾਲੀ ਦੇ ਕਿਸਾਨ ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਮਾਨਸਾ ਦੀ ਪੰਜਾਬ ਨੈਸ਼ਨਲ ਬੈਂਕ ਤੋਂ 20 ਸਾਲ ਪਹਿਲਾਂ 2.20 ਲੱਖ ਰੁਪਏ ਦਾ ਇੱਕ ਆਇਸ਼ਰ ਟਰੈਕਟਰ ਲਿਆ ਸੀ। ਉਨ੍ਹਾਂ ਦੱਸਿਆ ਕਿ ਫ਼ਸਲ ਮਾੜੀ ਰਹਿਣ ਕਰ ਕੇ ਅਤੇ ਲਾਹੇਵੰਦ ਭਾਅ ਨਾ ਮਿਲਣ ਕਰ ਕੇ ਕਿਸਾਨ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਭਰ ਸਕਿਆ ਤਾਂ ਬੈਂਕ ਨੇ ਕਿਸਾਨ ’ਤੇ ਮੁਕੱਦਮਾ ਕਰ ਕੇ 10 ਲੱਖ 43 ਹਜ਼ਾਰ 715 ਰੁਪਏ ਦੀ ਨਿਲਾਮੀ ਲਿਆਂਦੀ। ਉਨ੍ਹਾਂ ਦੱਸਿਆ ਕਿ ਜਦੋਂ ਪੀੜਤ ਕਿਸਾਨ ਵੱਲੋਂ ਜਥੇਬੰਦੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਕਿਸਾਨ ਦੇ ਹੱਕ ਦੇ ਵਿੱਚ ਖੜ੍ਹਨ ਦਾ ਫੈਸਲਾ ਲਿਆ। ਕਿਸਾਨ ਆਗੂ ਸ੍ਰੀ ਭੈਣੀਬਾਘਾ ਨੇ ਕਿਹਾ ਕਿ ਪਿਛਲੀ ਵਿਧਾਨ ਸਭਾ ਦੀ ਚੋਣ ਸਮੇਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਐਲਾਨ ਕੀਤਾ ਸੀ ਕਿ ਕਰਜ਼ਾਈ ਕਿਸਾਨਾਂ ਦੇ ਕਰਜ਼ੇ, ਕੁਰਕੀਆਂ ਖ਼ਤਮ ਕੀਤੀਆਂ ਜਾਣਗੀਆਂ ਪਰ 5 ਸਾਲ ਬੀਤਣ ’ਤੇ ਵੀ ਕਿਸਾਨਾਂ ਦੀਆਂ ਕੁਰਕੀਆਂ ਕਰ ਕੇ ਕਿਰਤੀ ਵਰਗ ਨੂੰ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਕਿਸਾਨ ਦਾ ਕਰਜ਼ਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਔਤਾਂਵਾਲੀ, ਬਿੱਕਰ ਸਿੰਘ, ਹਰਪ੍ਰੀਤ ਸਿੰਘ ਖਿਆਲਾ ਕਲਾਂ, ਦਰਸ਼ਨ ਸਿੰਘ ਤੇ ਬਲਜੀਤ ਚੌਧਰੀ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।