ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਮਈ
ਇੱਥੇ ਥਾਣਾ ਸਮਾਲਸਰ ਅਧੀਨ ਪਿੰਡ ਵੈਰੋਕੇ ਵਿੱਚ ਅੱਜ ਕੁਝ ਵਿਅਕਤੀਆਂ ਨੇ ਇਸ ਥਾਣੇ ਦੇ ਕਾਰਜਕਾਰੀ ਐੱਸਐੱਚਓ ਤੇ ਹੋਮਗਾਰਡ ਵਾਲੰਟੀਅਰ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਪੱਥਰਬਾਜ਼ੀ ਵਿੱਚ ਪੁਲੀਸ ਦੀ ਗੱਡੀ ਵੀ ਨੁਕਸਾਨੀ ਗਈ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕੀਤੀ ਹੈ।
ਵੇਰਵਿਆਂ ਅਨੁਸਾਰ ਪਿੰਡ ਵੈਰੋਕੇ ਵਿੱਚ ਦੋ ਧਿਰਾਂ ਦਰਮਿਆਨ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ। ਇੱਕ ਧਿਰ ਦੀ ਸ਼ਿਕਾਇਤ ਉੱਤੇ ਥਾਣਾ ਸਮਾਲਸਰ ਦੇ ਕਾਰਜਕਾਰੀ ਮੁਖੀ ਏਐੱਸਆਈ ਰਾਜ ਸਿੰਘ ਤੇ ਹੋਮ ਗਾਰਡ ਵਾਲੰਟੀਅਰ ਤਰਸੇਮ ਸਿੰਘ ਪਿੰਡ ਵੈਰੋਕੇ ਵਿੱਚ ਜਾਂਚ ਕਰਨ ਗਏ ਸਨ। ਇਸ ਦੌਰਾਨ ਇੱਕ ਧਿਰ ਵੱਲੋਂ ਕੁਝ ਬਾਹਰੋਂ ਬੰਦੇ ਬੁਲਾ ਲਏ ਅਤੇ ਪੁਲੀਸ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ। ਉਨ੍ਹਾਂ ਭੱਜ ਕੇ ਜਾਨ ਬਚਾਈ। ਇਸ ਪੱਥਰਬਾਜ਼ੀ ਵਿੱਚ ਦੋਵੇਂ ਜਾਣੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਕੋਲ ਪੁਲੀਸ ਵਿਭਾਗ ਦਾ ਸਰਕਾਰੀ ਵਾਹਨ ਵੀ ਨੁਕਸਾਨਿਆ ਗਿਆ।