ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਜੁਲਾਈ
ਪ੍ਰੇਮੀ ਨਾਲ ਰਲ ਕੇ ਆਪਣੇ ਨਸ਼ੇੜੀ ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਜ਼ੀਰਾ ਪੁਲੀਸ ਨੇ ਉਸ ਦੇ ਪ੍ਰੇਮੀ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਜ਼ੀਰਾ ਵਿੱਚ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਮ੍ਰਿਤਕ ਨੌਜਵਾਨ ਦੀ ਬਜ਼ੁਰਗ ਮਾਂ ਇੰਦਰਜੀਤ ਕੌਰ ਵਾਸੀ ਫਤਿਹਗੜ੍ਹ ਪੰਜਤੂਰ ਦੇ ਬਿਆਨਾਂ ਦੇ ਅਧਾਰ ’ਤੇ ਕੀਤੀ ਗਈ ਹੈ। ਕਤਲ ਦੀ ਇਹ ਵਾਰਦਾਤ ਲੰਘੀ 21 ਜੁਲਾਈ ਦੀ ਦੱਸੀ ਜਾਂਦੀ ਹੈ।
ਇੰਦਰਜੀਤ ਕੌਰ ਦਾ ਲੜਕਾ ਸਤਨਾਮ ਸਿੰਘ (28 ਸਾਲ) ਜੋ ਨਸ਼ਾ ਕਰਨ ਦਾ ਆਦੀ ਸੀ ਤੇ ਉਹ ਆਪਣੀ ਪਤਨੀ ਸਿਮਰਜੀਤ ਕੌਰ ਉਰਫ਼ ਸਿਮੀ ਨਾਲ ਜ਼ੀਰਾ ਵਿੱਚ ਰਹਿੰਦਾ ਸੀ। ਇੱਥੇ ਸਿਮੀ ਦੇ ਕਥਿਤ ਨਾਜਾਇਜ਼ ਸਬੰਧ ਹਰਜਿੰਦਰ ਸਿੰਘ ਉਰਫ਼ ਜੈਲੀ ਉਰਫ਼ ਸੈਮ ਨਾਲ ਬਣ ਗਏ ਜਿਸ ਤੋਂ ਸਤਨਾਮ ਸਿੰਘ ਆਪਣੀ ਪਤਨੀ ਨੂੰ ਰੋਕਦਾ ਸੀ। ਲੰਘੀ 21 ਜੁਲਾਈ ਨੂੰ ਸਿਮੀ ਨੇ ਆਪਣੀ ਸੱਸ ਨੂੰ ਫ਼ੋਨ ਕਰਕੇ ਦੱਸਿਆ ਕਿ ਸਤਨਾਮ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਇੰਦਰਜੀਤ ਕੌਰ ਆਪਣੀ ਬੇਟੀ ਨੂੰ ਨਾਲ ਲੈ ਕੇ ਤੁਰੰਤ ਜ਼ੀਰਾ ਦੇ ਸਿਵਲ ਹਸਪਤਾਲ ਪਹੁੰਚ ਗਈ ਪਰ ਉਦੋਂ ਤੱਕ ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ।
ਬਾਅਦ ਵਿੱਚ ਇੰਦਰਜੀਤ ਕੌਰ ਤੇ ਉਸ ਦੇ ਕੁਝ ਹੋਰਨਾਂ ਰਿਸ਼ਤੇਦਾਰਾਂ ਨੇ ਆਪਣੇ ਪੱਧਰ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸਤਨਾਮ ਸਿੰਘ ਦੀ ਪਤਨੀ ਸਿਮੀ ਨੇ ਆਪਣੇ ਪ੍ਰੇਮੀ ਹਰਜਿੰਦਰ ਸਿੰਘ ਨਾਲ ਮਿਲ ਕੇ ਪਹਿਲਾਂ ਸਤਨਾਮ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਤੇ ਮਗਰੋਂ ਉਸ ਦੇ ਸਿਰ ਵਿੱਚ ਕੋਈ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜ਼ੀਰਾ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।