ਇਕਬਾਲ ਸਿੰਘ ਸ਼ਾਂਤ
ਲੰਬੀ, 23 ਜੁਲਾਈ
ਮੰਡੀ ਕਿੱਲਿਆਂਵਾਲੀ ਦੇ ਪੌਸ਼ ਇਲਾਕੇ ’ਚ ਲੰਘੀ ਰਾਤ ਇੱਕ ਕਰਿਆਨਾ ਵਪਾਰੀ ਗੋਰਾ ਲਾਲ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਪੁਲੀਸ ਦੀ ਲਾਪ੍ਰਵਾਹੀ ਵਾਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ। ਸੂਚਨਾ ਦੇਣ ਦੇ ਕਰੀਬ 40 ਮਿੰਟ ਬਾਅਦ ਦੋ ਹੋਮ ਗਾਰਡ ਮੌਕੇ ’ਤੇ ਪੁੱਜੇ। ਲੋਕਾਂ ਨੇ ਉਨ੍ਹਾਂ ਨੂੰ ਪੁਲੀਸ ਅਮਲਾ ਨਾ ਆਉਣ ਦਾ ਰੋਸ ਜਤਾਇਆ। ਹੋਮਗਾਰਡ ਮੁਲਾਜ਼ਮਾਂ ਨੇ ਕਿਹਾ ਕਿ ਚੌਕੀ ’ਚ ਕੋਈ ਸਟਾਫ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 9 ਵਜੇ ਵਾਟਰ ਵਰਕਸ ਖੇਤਰ ’ਚ ਕਰਿਆਨਾ ਕਾਰੋਬਾਰੀ ਗੋਰਾ ਲਾਲ ਸਕੂਟੀ ’ਤੇ ਦੁਕਾਨ ਤੋਂ ਘਰ ਆਇਆ ਸੀ। ਉਸ ਕੋਲ ਦਿਨ ਭਰ ਦੀ ਕਮਾਈ ਵੀ ਸੀ। ਉਸ ਦੇ ਪਿੱਛਿਓਂ ਮੋਟਰ ਸਾਈਕਲ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਆਏ ਤੇ ਉਨ੍ਹਾਂ ਉਸ ਦੀ ਸਕੂਟੀ ਅਤੇ ਕਮਾਈ ਖੋਹਣ ਦੀ ਕੋਸ਼ਿਸ਼ ਕੀਤੀ। ਗੋਰਾ ਲਾਲ ਦੇ ਰੌਲਾ ਪਾਉਣ ’ਤੇ ਲੁਟੇਰਿਆਂ ਨੇ ਤਲਵਾਰ ਤੇ ਪਿਸਤੌਲ ਨਾਲ ਉਸ ’ਤੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਘਟਨਾ ਤੋਂ ਕਰੀਬ ਘੰਟੇ ਬਾਅਦ ਚੌਕੀ ਮੁਖੀ ਪ੍ਰਿਤਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪੀੜਤਾਂ ਤੋਂ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲੀਸ ਦੇ ਸਮੇਂ ਸਿਰ ਨਾ ਪੁੱਜਣ ਕਾਰਨ ਪੀੜਤ ਗੋਰਾ ਲਾਲ ਦਾ ਪਰਿਵਾਰ ਪੁਲੀਸ ਨੂੰ ਬਿਆਨ ਦੇਣ ਤੋਂ ਨਾਂਹ ਕਰਦਾ ਨਜ਼ਰ ਆਇਆ। ਮਲੋਟ ਦੇ ਡੀਐੱਸਪੀ ਬਲਕਾਰ ਸਿੰਘ ਨੇ ਕਿਹਾ ਕਿ ਉਹ ਅਜੇ ਨਵੇਂ ਆਏ ਹਨ। ਛੇਤੀ ਜਾਂਚ ਕੇ ਲੋੜੀਂਦੀ ਨਫ਼ਰੀ ਤਾਇਨਾਤ ਕੀਤੀ ਜਾਵੇਗੀ।