ਲਖਵੀਰ ਸਿੰਘ ਚੀਮਾ
ਟੱਲੇਵਾਲ, 1 ਅਪਰੈਲ
ਪਿੰਡ ਰਾਮਗੜ੍ਹ ਨਾਲ ਸਬੰਧਤ ਅੰਗਹੀਣ ਭੱਠਾ ਮਜ਼ਦੂਰ ਦੀ ਕੁੱਟਮਾਰ ਦੇ ਮਾਮਲੇ ਸਬੰਧੀ ਅੱਜ ਮਜ਼ਦੂਰਾਂ ਵੱਲੋਂ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਥਾਣਾ ਟੱਲੇਵਾਲ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ, ਹਰਮਨਦੀਪ ਸਿੰਘ ਹਿੰਮਤਪੁਰਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੀਵਨ ਸਿੰਘ ਬਿਲਾਸਪੁਰ ਨੇ ਕਿ ਪਿੰਡ ਰਾਮਗੜ੍ਹ ਦੇ ਦਲਿਤ ਵਰਗ ਨਾਲ ਸਬੰਧਤ ਅੰਗਹੀਣ ਗੋਰਾ ਸਿੰਘ ਭੱਠਾ ਮਜ਼ਦੂਰ ਹੈ ਜਿਸਦੀ ਬਿਨਾਂ ਕਿਸੇ ਕਸੂਰ ਤੋਂ ਥਾਣਾ ਟੱਲੇਵਾਲ ਦੇ ਦੋ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਜਿਸ ਕਰਕੇ ਪੀੜਤ ਮਜ਼ਦੂਰ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। ਇਹ ਬੇਹੱਦ ਨਿੰਦਣਯੋਗ ਘਟਨਾ ਹੈ। ਇਸ ਮੌਕੇ ਮਜ਼ਦੂਰ ਆਗੂ ਰਾਣੀ ਕੌਰ ਕੁੱਬੇ, ਰਾਜ ਰਾਣੀ ਭਦੌੜ, ਮਹਿਮਾ ਸਿੰਘ ਭਦੌੜ, ਜੀਤਾ ਗਿੱਲ ਭਦੌੜ, ਬਲਜੀਤ ਸਿੰਘ ਰਾਮਗੜ, ਗੋਰਾ ਸਿੰਘ ਰਾਮਗੜ, ਸੁਖਜਿੰਦਰ ਸਿੰਘ ਰਾਮਗੜ੍ਹ, ਸੰਦੀਪ ਕੌਰ ਬਖਤਗੜ੍ਹ ਆਦਿ ਮਜ਼ਦੂਰ ਹਾਜ਼ਰ ਸਨ।
ਪੁਲੀਸ ਮੁਲਾਜ਼ਮ ਵੱਲੋਂ ਗਲਤੀ ਮੰਨੇ ਜਾਣ ਤੋਂ ਬਾਅਦ ਧਰਨਾ ਚੁੱਕਿਆ
ਭੱਠਾ ਮਜ਼ਦੂਰ ਗੋਰਾ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕਰਨ ਤੋਂ ਮਾਮਲਾ ਠੰਢਾ ਪਿਆ। ਇਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਥਾਣੇ ਅੱਗੇ ਤੋਂ ਧਰਨਾ ਚੁੱਕ ਲਿਆ ਗਿਆ। ਐੱਸਐੱਚਓ ਕਿਸ਼ਨ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਤਸੱਲੀ ਕਰਵਾ ਦਿੱਤੀ ਹੈ, ਜਿਸ ਕਰਕੇ ਮਾਮਲਾ ਨਿੱਬੜ ਗਿਆ ਹੈ।