ਇਕਬਾਲ ਸਿੰਘ ਸ਼ਾਂਤ
ਲੰਬੀ, 30 ਜੁਲਾਈ
ਰੋਜ਼ੀ ਰੋਟੀ ਦੇ ਬਣਦੇ ਵਸੀਲੇ ਦੇਣ ਬਾਰੇ ਸੂਬਾ ਹਕੂਮਤ ਦੇ ਦਰੋਂ ਸੁਣਵਾਈ ਵਾਲੀ ‘ਖ਼ੈਰ’ ਨਾ ਪੈਣ ’ਤੇ ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਮੁੜ ਵਜ਼ੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦਾ ਬੂਹਾ ਮੱਲ ਲਿਆ। ਲੰਬੀ ਅਤੇ ਮਲੋਟ ਹਲਕੇ ਦੀਆਂ ਵਰਕਰਾਂ ਨੇ ਅੱਜ ਪਿੰਡ ਬਾਦਲ ’ਚ ਮਨਪ੍ਰੀਤ ਬਾਦਲ ਦੀ ਰਿਹਾਇਸ਼ ਮੂਹਰੇ ਮੁੜ ਅਚਨਚੇਤੀ ਧਾਵਾ ਬੋਲ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਯੂਨੀਅਨ ਨੇ ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਦੋ ਦਿਨਾਂ ਭੁੱਖ ਹੜਤਾਲ ਰੱਖੀ ਜਾਵੇਗੀ ਅਤੇ ਖੂਨ ਨਾਲ ਲਿਖੇ ਮੰਗ ਪੱਤਰ ਦਿੱਤੇ ਜਾਣਗੇ। ਖਜ਼ਾਨਾ ਦੇ ਕਰਤਾ-ਧਰਤਾ ਹੋਣ ਕਰਕੇ ਮਨਪ੍ਰੀਤ ਬਾਦਲ ਆਂਗਣਵਾੜੀ ਵਰਰਕਾਂ ਦੇ ਖਾਸ ਨਿਸ਼ਾਨੇ ’ਤੇ ਹਨ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਕਥਿਤ ਅੜਿੱਕਿਆਂ ਕਰਕੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਵਰਕਰਾਂ ਤੇ ਹੈਲਪਰਾਂ ਨੇ ਉਨ੍ਹਾਂ ਦੇ ਖੂਨ ਨਾਲ ਲਿਖਿਆ ਮੰਗ ਪੱਤਰ ਏਡੀਓ ਜਮਰਨਜੀਤ ਸਿੰਘ ਜਰੀਏ ਮੁੱਖ ਮੰਤਰੀ ਨੂੰ ਭੇਜਿਆ।
ਵਰਕਰਾਂ ਵੱਲੋਂ ਵਿਧਾਇਕ ਮਾਨਸ਼ਾਹੀਆ ਦੇ ਘਰ ਅੱਗੇ ਭੁੱਖ ਹੜਤਾਲ
ਮਾਨਸਾ (ਪੱਤਰ ਪ੍ਰੇਰਕ): ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵੀਰ ਕੌਰ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਘਰ ਅੱਗੇ ਆਪਣੀਆਂ ਮੰਗਾਂ ਤੇ ਮਸਲਿਆਂ ਸਬੰਧੀ ਭੁੱਖ ਹੜਤਾਲ ਰੱਖੀ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਕੱਤਰ ਹੋਈਆਂ ਵਰਕਰਾਂ ਅਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਮੰਗ ਪੱਤਰ ਲਿਖਿਆ ਤੇ ਵਿਧਾਇਕ ਰਾਹੀਂ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਗਿਆ।
ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਦੀ 72 ਕਰੋੜ ਦੀ ਦੇਣਦਾਰ
ਸੱਤਾ ਬਚਾਉਣ ਖਾਤਰ ਮੰਤਰੀਆਂ-ਵਿਧਾਇਕਾਂ ਨੂੰ ਮਹਿੰਗੀਆਂ ਕਾਰਾਂ ਦਾ ਤੋਹਫ਼ਾ ਦੇਣ ਵਾਲੀ ਕੈਪਟਨ ਸਰਕਾਰ ਨਿਗੁਣੇ ਮਾਣ-ਭੱਤੇ ਵਾਲੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਦੇ 71 ਕਰੋੜ 96 ਲੱਖ 58 ਹਜ਼ਾਰ ਰੁਪਏ ਖਾਈ ਬੈਠੀ ਹੈ। ਆਰਥਿਕ ਹੱਕ ਮਾਰਨ ਦਾ ਸਰਕਾਰੀ ਮੀਟਰ ਅਜੇ ਲਗਾਤਾਰ ਚੱਲ ਰਿਹਾ ਹੈ, ਜਿਸ ’ਚ ਰੋਜ਼ਾਨਾ 7 ਲੱਖ 99 ਹਜ਼ਾਰ 620 ਰੁਪਏ ਅਤੇ ਹਰ ਮਹੀਨੇ 2 ਕਰੋੜ 39 ਲੱਖ 88 ਹਜ਼ਾਰ 6 ਸੌ ਰੁਪਏ ਹੋਰ ਜੁੜੇ ਜਾਂਦੇ ਹਨ।