ਨਿਹਾਲ ਸਿੰਘ ਵਾਲਾ: ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਤ ਤੇ ਇਤਿਹਾਸ ਦੇ ਲੈਕਚਰਾਰ ਗੁਰਮੇਲ ਸਿੰਘ ਬੌਡੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿੱਚ ਬਿਨਾ ਕੋਈ ਮਿਹਨਤਾਨਾ ਲਏ ਦੋ ਸਾਲ ਮੁਫ਼ਤ ਪੜ੍ਹਾ ਕੇ ਮਿਸਾਲ ਕਾਇਮ ਕੀਤੀ ਹੈ। ਅੱਸੀ ਫ਼ੀਸਦ ਅਪਾਹਜ ਅਤੇ ਦਿਲ ਦੇ ਮਰੀਜ਼ ਗੁਰਮੇਲ ਬੌਡੇ 24 ਸਾਹਿਤਕ ਪੁਸਤਕਾਂ ਦੇ ਰਿਚੈਤਾ ਤੇ ਗਾਇਕ ਵੀ ਹਨ ਅਤੇ ਭਾਸ਼ਾ ਵਿਭਾਗ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ ਸਕੂਲ ’ਚੋਂ ਲਗਾਤਾਰ ਦੋ ਸਾਲ ਕੋਈ ਵੀ ਛੁੱਟੀ ਨਾ ਲੈ ਕੇ ਰੋਜ਼ਾਨਾ ਹਾਜ਼ਰੀ ਦਾ ਰਿਕਾਰਡ ਕਾਇਮ ਕੀਤਾ ਹੈ। ਗੁਰਮੇਲ ਸਿੰਘ ਬੌਡੇ ਦੀ ਸੇਵਾਮੁਕਤੀ ਉਪਰੰਤ ਬਿਲਾਸਪੁਰ ਵਿੱਚ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਆਰਟਸ ਗਰੁੱਪ ਚੁੱਕੇ ਜਾਣ ਦਾ ਡਰ ਸੀ ਤਾਂ ਗੁਰਮੇਲ ਬੌਡੇ ਨੇ ਫ਼ੈਸਲਾ ਕੀਤਾ ਕਿ ਜਿਨ੍ਹਾਂ ਚਿਰ ਅਸਾਮੀਆਂ ਪੂਰੀਆਂ ਨਹੀਂ ਹੁੰਦੀਆ ਉਨਾ ਚਿਰ ਸਕੂਲ ਵਿੱਚ ਮੁਫ਼ਤ ਪੜ੍ਹਾਉਣਗੇ। ਉਹ ਆਪਣੇ ਪੱਲਿਓਂ ਸੱਤ ਲੱਖ ਰੁਪਏ ਲਗਾ ਕੇ ਪਾਰਕ ਬਣਾ ਚੁੱਕੇ ਹਨ। ਗੁਰਮੇਲ ਸਿੰਘ ਬੌਡੇ ਨੇ ਕਿਹਾ ਕਿ ਉਹ ਹੁਣ ਵੀ ਪੰਜਾਬੀ ਵਿਸ਼ੇ ਦੇ ਅਧਿਆਪਕ ਵਜੋਂ ਕਿਸੇ ਵੀ ਸਕੂਲ ’ਚ ਸੇਵਾ ਕਰਨ ਲਈ ਤਿਆਰ ਹਨ। -ਪੱਤਰ ਪ੍ਰੇਰਕ