ਇਕਬਾਲ ਸਿੰਘ ਸ਼ਾਂਤ
ਲੰਬੀ, 27 ਜੂਨ
ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ਦੇ ਟਕਸਾਲੀ ਅਪਰੇਟਰਾਂ ਨੇ ਯੂਨੀਅਨ ’ਤੇ ਮਾਲਕੀ ਦਰਸਾ ਰਹੇ ਨਵੇਂ ਸੱਤਾਪੱਖੀ ਧੜੇ ’ਤੇ ਪਸ਼ੂਆਂ ਦੀ ਢੋਆ-ਢੁਆਈ ਵਿੱਚ ਜਬਰਦਸਤੀ ਇੱਕ ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਪਰਚੀ ਵਸੂਲਣ ਦੇ ਦੋਸ਼ ਲਾਏ ਹਨ। ਪੀੜਤ ਅਪਰੇਟਰਾਂ ਨੇ ਇਸ ਬਾਰੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਮੰਡੀ ਕਿੱਲਿਆਂਵਾਲੀ ਵਿੱਚ ਪੁਲੀਸ ਚੌਕੀ ਤੋਂ ਕਰੀਬ ਦੋ ਸੌ ਮੀਟਰ ਦੂਰੀ ’ਤੇ ਹਫ਼ਤਾਵਾਰੀ ਪਸ਼ੂ ਮੰਡੀ ਭਰਦੀ ਹੈ।
ਟਰੱਕ ਯੂਨੀਅਨ ਦੇ ਅਪਰੇਟਰ ਜਰਨੈਲ ਸਿੰਘ ਡੱਫ਼ੂ, ਰਾਜਪਾਲ ਸੱਚਦੇਵਾ, ਜਗਵੀਰ ਸਿੰਘ ਅਤੇ ਹਰਦਿਆਲ ਸਿੰਘ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਦਰਸ਼ਨ ਸਿੰਘ, ਜਗਤਾਰ ਸਿੰਘ, ਗੁਰਪਿੰਦਰ ਸਿੰਘ ਅਤੇ ਗੁਰਮੀਤ ਵਗੈਰਾ ਵੱਲੋਂ ਯੂਨੀਅਨ ਦੇ ਮੈਂਬਰ ਟਰੱਕਾਂ ਦੇ ਕਿਰਾਏ ਭਾੜੇ ਵਿੱਚੋਂ ਜਬਰਦਸਤੀ ਹਜ਼ਾਰ ਰੁਪਏ ਦੀ ਪਰਚੀ ਕੱਟੀ ਜਾਂਦੀ ਹਨ। ਨਾਂਹ ਕਰਨ ’ਤੇ ਇਹ ਲੋਕ ਝਗੜਾ ਕਰਨ ‘ਤੇ ਉਤਾਰੂ ਹੁੰਦੇ ਹਨ ਅਤੇ ਟਰੱਕਾਂ ਨੂੰ ਘਰ ਲਿਜਾਣ ਦੀ ਗੱਲ ਆਖਦੇ ਹਨ। ਜਰਨੈਲ ਸਿੰਘ ਤੇ ਰਾਜਪਾਲ ਸੱਚਦੇਵਾ ਨੇ ਕਿਹਾ ਕਿ ਗੁੰਡਾ ਪਰਚੀ ਵਸੂਲਣ ਵਾਲੇ ਇੱਕ ਹਜ਼ਾਰ ਰੁਪਏ ਲੈਣ ਨੂੰ ‘ਬਿਲਟੀ’ ਦੱਸਦੇ ਹਨ ਜਦਕਿ ਇਨ੍ਹਾਂ ਵਿਅਕਤੀਆਂ ਦਾ ਟਰੱਕ ਯੂਨੀਅਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦੂਜੇ ਪਾਸੇ, ਦਰਸ਼ਨ ਸਿੰਘ ਵੜਿੰਗ ਦਾ ਕਹਿਣਾ ਸੀ ਕਿ ਯੂਨੀਅਨ ਵਿੱਚ ਕੋਈ ਗੁੰਡਾ ਪਰਚੀ ਨਹੀਂ ਲਈ ਜਾਂਦੀ। ਸਿਰਫ਼ ਯੂਨੀਅਨ ਦੇ ਰੱਖ-ਰਖਾਅ ਅਤੇ ਫੁਟਕਲ ਖਰਚਿਆਂ ਲਈ ਬਿਲਟੀ ਦੇ ਨਾਂ ’ਤੇ ਇੱਕ ਹਜ਼ਾਰ ਰੁਪਏ ਪ੍ਰਤੀ ਗੇੜਾ ਲਿਆ ਜਾ ਰਿਹਾ ਹੈ ਜੋ ਪਿਛਲੀ ਕਾਂਗਰਸ ਸਰਕਾਰ ਸਮੇਂ ਦੋ ਹਜ਼ਾਰ ਰੁਪਏ ਪ੍ਰਤੀ ਗੇੜਾ ਹੁੰਦਾ ਸੀ। ਚੌਕੀ ਮੁਖੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਤੇ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।