ਇਕਬਾਲ ਸਿੰਘ ਸ਼ਾਂਤ
ਲੰਬੀ, 7 ਸਤੰਬਰ
ਮੀਂਹ ਦੀ ਮਾਰ ਕਾਰਨ ਪੀਣ ਦੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸਰਾਵਾਂ ਜੈਲ ਦੇ ਪਿੰਡਾਂ ਵਿੱਚ ਅਕਾਲੀ ਦਲ ਦੇ ਵਰਕਰ ਪੀਣ ਦਾ ਪਾਣੀ ਅਤੇ ਦਵਾਈਆਂ ਪਹੁੰਚਾਉਣਗੇ। ਇਹ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਾਵਾਂ ਜੈਲ ’ਚ ਦੌਰੇ ਮੌਕੇ ਕੀਤਾ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ’ਤੇ ਅੱਜ ਲੰਬੀ ਹਲਕੇ ਦੀ ਸਰਾਵਾਂ ਜੈਲ ਦੇ ਪਿੰਡਾਂ ’ਚ ਮੀਂਹ ਕਾਰਨ ਬਰਬਾਦ ਹਜ਼ਾਰਾਂ ਏਕੜ ਫ਼ਸਲ ਅਤੇ ਡੁੱਬਣ ਕੰਢੇ ਖੜੇ ਪਿੰਡਾਂ ਦਾ ਜਾਇਜ਼ਾ ਲੈਣ ਪੁੱਜੇ। ਉਨਾਂ ਬੋਦੀਵਾਲਾ, ਮਿੱਡਾ, ਪੰਨੀਵਾਲਾ ਫੱਤਾ, ਮੋਹਲਾਂ, ਰਾਣੀਵਾਲਾ, ਗੁਰੂਸਰ ਜੋਧਾ ਅਤੇ ਪੱਕੀ ਟਿੱਬੀ ਸਮੇਤ ਹੋਰਨਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ। ਸੁਖਬੀਰ ਸਿੰਘ ਨੇ ਮੌਕੇ ਤੋਂ ਅਫਸਰਾਂ ਨਾਲ ਗੱਲ ਕਰਕੇ ਪਾਣੀ ਨਿਕਾਸੀ ਲਈ 24 ਘੰਟੇ ਬਿਜਲੀ ਅਤੇ ਪੰਪਾਂ ਲਈ ਡੀਜ਼ਲ ਦਾ ਖਰਚਾ ਦੇਣ ਦੇ ਨਿਰਦੇਸ਼ ਦਿੱਤੇ।
ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵਿਸਾਖੀ ’ਤੇ ਰੱਖਣ ਦਾ ਐਲਾਨ
ਲੰਬੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਫਿਰੋਜ਼ਪੁਰ ਵਿੱਚ 450 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੀਜੀਆਈ ਸੈਨੇਲਾਈਟ ਸੈਂਟਰ ਦਾ ਨੀਂਹ ਪੱਥਰ ਵਿਸਾਖੀ ‘ਤੇ ਰੱਖਿਆ ਜਾਵੇਗਾ ਅਤੇ ਇਕ ਸਾਲ ਦੇ ਅੰਦਰ ਅੰਦਰ ਇਹ ਮੈਡੀਕਲ ਸੰਸਥਾ ਬਣ ਕੇ ਤਿਆਰ ਹੋ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਾਜੈਕਟ ਲਈ ਨੀਂਹ ਪੱਥਰ 13 ਅਪਰੈਲ 2021 ਨੂੰ ਰੱਖਿਆ ਜਾਵੇਗਾ।