ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀ ਟਰੈਕਟਰ ਪਰੇਡ ਨੂੰ ਲੈ ਕਿ ਕਿਸਾਨਾਂ ’ਚ ਉਤਸ਼ਾਹ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਦਿੱਲੀ ਪਰੇਡ ਲਾਮਬੰਦੀ ਲਈ ਦੋ ਦਰਜਨ ਤੋਂ ਵੱਧ ਪਿੰਡਾਂ ’ਚ ਟਰੈਕਟਰ ਮਸ਼ਕਾਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਦੀਆਂ ਸਿਆਸੀ ਜੜ੍ਹਾਂ ਨੂੰ ਦਾਤੀ ਪਾਈ ਬੈਠੇ ਸੰਘਰਸ਼ਸ਼ੀਲ ਕਿਸਾਨਾਂ ਦਾ ਮੋਦੀ ਸਰਕਾਰ ਹੌਸਲਾ ਨਹੀਂ ਤੋੜ ਸਕਦੀ। ਉਨ੍ਹਾਂ ਦੱਸਿਆ ਕਿ ਤਕਰੀਬਨ 3 ਹਜ਼ਾਰ ਟਰੈਕਟਰਾਂ ਨਾਲ ਪਿੰਡਾਂ ਵਿੱਚ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਭੁੱਚੋ ਮੰਡੀ (ਪਵਨ ਗੋਇਲ): ਬੀਕੇਯੂ ਏਕਤਾ (ਉਗਰਾਹਾਂ) ਨੇ 26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ਦੀ ਤਿਆਰੀ ਵਜੋਂ ਅੱਜ ਬਲਾਕ ਨਥਾਣਾ ਦੇ ਦਸ ਪਿੰਡਾਂ ਵਿੱਚ 300 ਤੋਂ ਵੱਧ ਟਰੈਕਟਰਾਂ ਨਾਲ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਬਲਾਕ ਆਗੂ ਬਲਜੀਤ ਸਿੰਘ ਅਤੇ ਸਿਮਰਜੀਤ ਸਿੰਘ ਨੇ ਪਿੰਡਾਂ ਵਿੱਚ ਕਿਸਾਨਾਂ ਨੂੰ ਲਾਮਵੰਦ ਕਰਦਿਆਂ 26 ਜਨਵਰੀ ਨੂੰ ਟਰੈਕਟਰ ਲੈ ਕੇ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਸ਼ਰਾਰਤੀ ਲੋਕਾਂ ਦੀ ਭੜਕਾਊ ਬਿਆਨਬਾਜ਼ੀ ਦੇ ਬਹਿਕਾਵੇ ਵਿੱਚ ਨਾ ਆਉਣ ਤੋਂ ਚੌਕਸ ਕੀਤਾ।
ਇਹ ਮਾਰਚ ਪਿੰਡ ਭੁੱਚੋ ਖੁਰਦ ਤੋਂ ਸ਼ੁਰੂ ਹੋ ਕੇ ਕਾਹਨ ਸਿੰਘ ਵਾਲਾ, ਚੱਕ ਫ਼ਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਚੱਕ ਬਖਤੂ, ਕਰਤਾਰਪੁਰ ਥਾਂਦੇ, ਲਹਿਰਾ ਖਾਨਾ, ਲਹਿਰਾ ਮੁਹੱਬਤ, ਲਹਿਰਾ ਬੇਗਾ ਵਿੱਚ ਲੰਘ ਕੇ ਭੁੱਚੋ ਮੰਡੀ ਵਿੱਚ ਸਮਾਪਤ ਹੋਇਆ। ਇਸ ਦੌਰਾਨ ਆਗੂ ਲਖਵੀਰ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ ਅਤੇ ਬਲਤੇਜ ਸਿੰਘ ਨੇ ਸੰਬੋਧਨ ਕੀਤਾ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਹਲਕੇ ਦੇ ਪਿੰਡਾਂ ਵਿੱਚ 1200 ਟਰੈਕਟਰ ਨਾਲ ਤਿਆਰੀ ਪਰੇਡ ਤਿੰਨ ਗੇੜਾਂ ਵਿੱਚ ਮੁਕੰਮਲ ਕਰ ਲਈ ਗਈ। ਅੱਜ 800 ਟਰੈਕਟਰਾਂ ਨਾਲ ਵੱਖ-ਵੱਖ ਪਿੰਡਾਂ ਵਿੱਚ ਰਿਹਰਸਲ ਪਰੇਡ ਸਮੇਂ ਕੁਲਦੀਪ ਕੌਰ ਕੁੱਸਾ, ਕੇਵਲ ਸਿੰਘ ਬੱਧਨੀਂ, ਸੁਦਾਗਰ ਸਿੰਘ ਖਾਈ, ਇੰਦਰਮੋਹਨ ਪੱਤੋ, ਸੀਰਾ ਰੌਂਤਾ, ਜਗਮੋਹਣ ਸੈਦੋ, ਚਰਨਜੀਤ ਕੌਰ ਕੁੱਸਾ ਨੇ ਕਿਸਾਨਾਂ ਨੂੰ 26 ਦੀ ਟਰੈਕਟਰ ਪਰੇਡ ਦੌਰਾਨ ਜ਼ਾਬਤੇ ਤੇ ਅਨੁਸਾਸ਼ਨ ਵਿੱਚ ਰਹਿਣ ਲਈ ਪ੍ਰੇਰਿਆ। ਹਲਕੇ ਦੇ ਮੀਨੀਆਂ, ਲੋਪੋ, ਬੱਧਨੀਂ, ਰਾਉਕੇ, ਨਿਹਾਲ ਸਿੰਘ ਵਾਲਾ, ਪੱਤੋ, ਰੌਂਤਾ, ਰਣਸੀਂਹ ਖੁਰਦ, ਬੁਰਜ ਹਮੀਰਾ, ਦੀਨਾ, ਖਾਈ, ਪੱਖਰਵੱਡ, ਜਵਾਹਰ ਸਿੰਘ ਵਾਲਾ ਆਦਿ ਪਿੰਡਾਂ ਵਿੱਚ ਕਿਸਾਨ-ਮਜ਼ਦੂਰ ਤੇ ਮੁਲਾਜ਼ਮਾਂ ਨੇ ਮਾਰਚ ਨੂੰ ਭਰਵਾਂ ਹੁੰਗਾਰਾ ਦਿੱਤਾ।
ਬੁਢਲਾਡਾ (ਐਨ.ਪੀ. ਸਿੰਘ): ਇੱਥੋਂ ਨੇੜਲੇ ਪਿੰਡ ਰਾਮਪੁਰ ਮੰਡੇਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਪਿੰਡ ਦੀ ਸੱਥ ਵਿੱਚ ਕਿਸਾਨ ਰੈਲੀ ਕੀਤੀ ਗਈ। ਬੁਲਾਰਿਆਂ ਨੇ ਖੇਤੀ ਕਾਨੂੰਨਾਂ ਦੇ ਕਿਸਾਨੀ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਕਿਸਾਨ ਟਰੈਕਟਰ ਮਾਰਚ ਕੀਤਾ ਜਾਣਾ ਹੈ ਤੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਲਈ ਪੂਰੇ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਥੇਬੰਦੀ ਦੇ ਸਟੇਟ ਕਮੇਟੀ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਰਘਵੀਰ ਸਿੰਘ ਬਰ੍ਹੇ ਨੇ ਵੀ ਸੰਬੋਧਨ ਕੀਤਾ। ਗਾਇਕਾ ਰੁਪਿੰਦਰ ਰਿੰਪੀ ਨੇ ਹਾਜ਼ਰ ਲਵਾਈ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਦਿੱਲੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਰਜਨ ਤੋਂ ਵਧੇਰੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਪਿੰਡ ਬਖ਼ਤਗੜ ਤੋਂ ਸ਼ੁਰੂ ਹੋ ਕੇ ਬਲਾਕ ਸ਼ਹਿਣਾ ਦੇ ਪਿੰਡਾਂ ਲਈ ਸੈਂਕੜੇ ਟਰੈਕਟਰਾਂ ਨਾਲ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂ ਸੰਦੀਪ ਸਿੰਘ ਚੀਮਾ, ਦਰਸ਼ਨ ਸਿੰਘ, ਕਰਨੈਲ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਲਈ ਦਿੱਲੀ ਵਿਚ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਪਰੇਡ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚੋਂ 2 ਹਜ਼ਾਰ ਦੇ ਕਰੀਬ ਟਰੈਕਟਰ ਖਨੌਰੀ ਅਤੇ ਡੱਬਵਾਲੀ ਬਾਰਡਰ ਰਾਹੀਂ ਦਿੱਲੀ ਲਈ ਚਾਲੇ ਪਾਉਣਗੇ। ਇਹ ਕਾਨੂੰਨ ਕਿਸਾਨਾਂ ਅਤੇ ਸਮੁੱਚੇ ਪੰਜਾਬ ਲਈ ਜੀਣ ਮਰਨ ਦਾ ਸਵਾਲ ਹੈ। ਇਸ ਕਰ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਸੰਘਰਸ਼ ਖ਼ਤਮ ਨਹੀਂ ਹੋਵੇਗਾ।
ਨਥਾਣਾ (ਭਗਵਾਨ ਦਾਸ ਗਰਗ): ਪਿੰਡ ਕਲਿਆਣ ਸੁੱਖਾ ਦੇ ਕਿਸਾਨ ਆਗੂਆਂ ਅੰਗਰੇਜ਼ ਸਿੰਘ, ਜਵਾਹਰ ਸਿੰਘ, ਜਸਵੀਰ ਸਿੰਘ, ਸੁਖਮੰਦਰ ਸਿੰਘ, ਅਮਨਦੀਪ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸੰਘਰਸ਼ ਦੀ ਹਿਮਾਇਤ ਵਿੱਚ ਆਪਣੇ ਟਰੈਕਟਰਾਂ ਨੂੰ ਸਟਿਕਰਾਂ ਅਤੇ ਜਥੇਬੰਦੀ ਦੇ ਝੰਡਿਆਂ ਦੇ ਨਾਲ ਨਾਲ ਤਿਰੰਗੇ ਝੰਡੇ ਨਾਲ ਵੀ ਸ਼ਿੰਗਾਰਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਬੈਟਰੀ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਕਿਸਾਨ ਸੰਘਰਸ਼ ਲਈ ਪਰਵਾਸੀਆਂ ਵੱਲੋਂ ਵੀ ਯੋਗਦਾਨ
ਸਮਾਲਸਰ (ਗੁਰਜੰਟ ਕਲਸੀ): ਭਲੂਰ ਦੇ ਲੋਕਾਂ ਵੱਲੋਂ ਕਿਸਾਨ ਸ਼ੰਘਰਸ਼ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ। ਪਿੰਡ ਦੇ ਵਿਦੇਸ਼ ਰਹਿਣ ਵਾਲਿਆਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। 26 ਜਨਵਰੀ ਦੇ ਮਾਰਚ ਵਾਸਤੇ ਭਲੂਰ ਤੋਂ ਤੀਹ ਦੇ ਕਰੀਬ ਟਰੈਕਟਰ ਰਵਾਨਾ ਹੋ ਚੁੱਕੇ ਹਨ। ਬੀਕੇਯੂ ਉਗਰਾਹਾਂ ਗਰੁੱਪ ਇਕਾਈ ਭਲੂਰ ਦੇ ਪ੍ਰਧਾਨ ਬੋਹੜ ਸਿੰਘ ਬਰਾੜ ਦੀ ਅਗਵਾਈ ਵਿੱਚ ਇਲਾਕੇ ਦੇ 30 ਪਿੰਡਾਂ ਵਿੱਚ ਸੌ ਦੇ ਕਰੀਬ ਟਰੈਕਟਰਾਂ ਤੇ ਸੈਂਕੜੇ ਨੌਜਵਾਨਾਂ ਨੇ ਮਾਰਚ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ 26 ਜਨਵਰੀ ਦੇ ਦਿੱਲੀ ਵਿਖੇ ਹੋ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜਾ ਸਿੰਘ ਢਿੱਲੋਂ, ਸੁਖਦੀਪ ਸਿੰਘ, ਮਨਜੀਤ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ।