ਪਰਸ਼ੋਤਮ ਬੱਲੀ
ਬਰਨਾਲਾ, 31 ਦਸੰਬਰ
ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਤੇ ਹੋਰ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਦੀ ਪ੍ਰਾਪਤੀ ਲਈ ਸਥਾਨਕ ਰੇਲਵੇ ਸਟੇਸ਼ਨ ‘ਤੇ ਡਟੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ‘ਤੇ ਅੱਜ ਅੰਦੋਲਨਕਾਰੀਆਂ ਨੇ ਜਿੱਥੇ ਸਾਲ 2020 ਨੂੰ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਵਿਦਾਇਗੀ ਦਿੱਤੀ, ਉੱਥੇ 2021 ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਲੜੀਵਾਰ ਭੁੱਖ ਹੜਤਾਲ ਜਾਰੀ ਰਹੀ| ਕਿਸਾਨ ਆਗੂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਗੁਰਮੇਲ ਰਾਮ ਸ਼ਰਮਾ ਆਦਿ ਨੇ ਇਸ ਮੌਕੇ ਕਿਹਾ ਕਿ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਰ ਪੜਾਅ ਉੱਪਰ ਕਿਸਾਨ ਕਾਫਲਿਆਂ ਦੇ ਵਧਦੇ ਰੋਹ ਨੇ ਹਾਕਮਾਂ ਦੀ ਨੀਂਦ ਉਡਾ ਰੱਖੀ ਹੈ| ਉਨ੍ਹਾਂ ਕਿਹਾ ਕਿ ਕੱਲ੍ਹ ਦੀ ਮੀਟਿੰਗ ‘ਚ 50 ਫੀਸਦੀ ਮੰਗਾਂ ਮੰਨ ਕੇ ਸਰਕਾਰ ਲੋਕ ਰੋਹ ਅੱਗੇ ਲਿਫ਼ਦੀ ਨਜ਼ਰ ਆਈ| ਆਗੂਆਂ ਨੇ ਉਮੀਦ ਜਤਾਈ ਕਿ ਹਰ ਹਾਲ ਕਿਸਾਨਾਂ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰਹੇਗਾ। ਅੱਜ 11 ਮੈਂਬਰੀ ਜਥਾ ਭੁੱਖ ਹੜਤਾਲ ’ਤੇ ਬੈਠਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ, ਬਰਨਾਲਾ-ਬਾਜਾਖਾਨਾ ਰੋਡ ‘ਤੇ ਸਥਿਤ ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ ਚੱਲਦਾ ਧਰਨਾ 92ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨਾਕਾਰੀਆਂ ਨੂੰ ਗੁੁਰਮੀਤ ਸਿੰਘ ਸੁੁਖਪੁੁਰ, ਹਰਚਰਨ ਸਿੰਘ ਚੰਨਾ, ਸਵਰਨ ਸਿੰਘ ਸੰਘੇੜਾ, ਸੁੁਖਦੇਵ ਸਿੰਘ ਮੱਲੀ ਆਦਿ ਨੇ ਸੰਬੋਧਨ ਕੀਤਾ।
ਬੁਢਲਾਡਾ (ਐਨਪੀ ਸਿੰਘ): ਸ਼ਹਿਰ ਵਿੱਚ ਸਥਿਤ ਰਿਲਾਇੰਸ ਪੈਟਰੋਲ ਪੰਪ ’ਤੇ ਕਿਸਾਨਾਂ ਦਾ ਸੰਘਰਸ਼ 91ਵੇਂ ਦਿਨ ਵੀ ਜਾਰੀ ਰਿਹਾ। ਅੱਜ ਇੱਕ ਪਾਸੇ ਸ਼ਹਿਰ ਦੀ ਰੌਇਲ ਸਿਟੀ ਵਿੱਚ ਜਦੋਂ ਭਾਦੜਾ ਦੇ ਸ਼ਹੀਦ ਹੋਏ ਕਿਸਾਨ ਜਗਸੀਰ ਸਿੰਘ ਦੀ ਅਰਥੀ ਉਠੀ ਤਾਂ ਇਕੋ ਨਾਅਰਾ ਗੂੰਜ ਰਿਹਾ ਸੀ ਕਿ ਜਗਸੀਰ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ, ਦਵਿੰਦਰ ਸਿੰਘ ਰੱਲੀ, ਕਰਨੈਲ ਸਿੰਘ ਅਹਿਮਦਪੁਰ, ਜਸਵੀਰ ਸਿੰਘ ਗੁੜੱਦੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਕਠਪੁੱਤਲੀ ਬਣ ਕੇ ਮੁੜ ਦੇਸ਼ ਨੂੰ ਗੁਲਾਮ ਬਣਾਉਣ ਦੇ ਰਾਹ ਪਈ ਹੋਈ ਹੈ। ਆਗੂਆਂ ਨੇ ਇਸ ਮੌਕੇ ਚੇਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ।
ਬਠਿੰਡਾ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨ ਸੰਘਰਸ਼ ਤਹਿਤ ਜੀਦਾ ਟੌਲ ਪਲਾਜ਼ੇ ’ਤੇ ਜਾਰੀ ਧਰਨੇ ਵਿਚ ਅੱਜ ਪੰਜਾਬੀ ਰੰਗਮੰਚ ਵੈੱਲਫੇਅਰ ਸੁਸਾਇਟੀ ਵੱਲੋਂ ਨਾਟਕ ‘ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼’ ਦਾ ਮੰਚਨ ਕੀਤਾ ਗਿਆ। ਛਿੰਦਾ ਸਿੰਘ ਛਿੰਦਾ ਵੱਲੋਂ ਲਿਖ਼ਤ ਅਤੇ ਨਿਰਦੇਸ਼ਤ ਇਸ ਨਾਟਕ ਰਾਹੀਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਵਰਤਮਾਨ ਹਕੂਮਤਾਂ ਦੀਆਂ ਨੀਤੀਆਂ ਦੇ ਪ੍ਰਸੰਗ ਵਿਚ ਵਿਚਾਰਦਿਆਂ ਇਹ ਤੱਥ ਉਭਾਰੇ ਗਏ ਕਿ ਭਗਤ ਸਿੰਘ ਨੇ ਜਿਸ ਆਜ਼ਾਦੀ ਦਾ ਸੁਪਨਾ ਲਿਆ ਸੀ, ਉਹ ਆਜ਼ਾਦੀ ਹਰਗਿਜ਼ ਨਹੀਂ ਆਈ। ਨਾਟਕ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਹਾਕਮ ਜ਼ਰੂਰ ਬਦਲੇ ਪਰ ਆਮ ਲੋਕਾਂ ਦਾ ਜੀਵਨ ਪੱਧਰ ਹੋਰ ਮਾੜਾ ਹੋਇਆ ਹੈ।
ਮਹਿਲ ਕਲਾਂ ਵਿੱਚ ਦੋ ਬੱਚੇ ਭੁੱਖ ਹੜਤਾਲ ’ਤੇ ਬੈਠੇ
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ਼ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ 92ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਕਿਹਾ ਕਿ ਉਹ ਨਵੇਂ ਸਾਲ ਦੀ ਪਹਿਲੀ ਸਵੇਰ ਇਸੇ ਮੋਰਚੇ ’ਤੇ ਵੇਖਣਗੇ। ਅੱਜ ਵੀ ਪੱਕੇ ਮੋਰਚੇ ’ਤੇ ਦੋ ਬੱਚੇ ਭੁੱਖ ਹੜਤਾਲ ’ਤੇ ਬੈਠੇ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 92ਵੇਂ ਦਿਨਾਂ ਤੋਂ ਚੱਲ ਰਿਹਾ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਮੋਰਚਿਆਂ ਵਿੱਚ ਸੀਤ ਲਹਿਰ ਦੇ ਬਾਵਜੂਦ ਬੱਚੇ ਲਗਾਤਾਰ ਮਾਪਿਆਂ ਦਾ ਸਾਥ ਦੇ ਰਹੇ ਹਨ ਅਤੇ ਪੜ੍ਹਾਈ ਦਾ ਕੰਮ ਵੀ ਮੋਰਚਿਆਂ ਵਿੱਚ ਹੀ ਕਰ ਰਹੇ ਹਨ। ਬੈਸਟ ਪ੍ਰਾਈਸ ਮੋਰਚੇ ਵਿੱਚ ਅਰਸ਼ਨੂਰ ਕੌਰ ਭੁੱਚੋ ਖੁਰਦ ਅਤੇ ਸਾਥਣਾਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਟੌਲ ਪਲਾਜ਼ਾ ਮੋਰਚੇ ਵਿੱਚ ਖੀਰ ਦਾ ਲੰਗਰ ਵਰਤਿਆ।
ਅਧਿਆਪਕ ਯੂਨੀਅਨ ਨੇ ਵੀ ਕਿਸਾਨ ਅੰਦੋਲਨ ਵਿੱਚ ਪਾਇਆ ਯੋਗਦਾਨ
ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸੁਰਿੰਦਰ ਕੁਮਾਰ ਪੁਆਰੀ, ਦਲਵਿੰਦਰ ਕੌਰ ਯੂਐੱਸਏ, ਰੇਸ਼ਮ ਸਿੰਘ ਵੜਿੰਗ, ਹਰਜੀਤ ਸਿੰਘ ਕੈਨੇਡਾ, ਪਿੰਡ ਲਸਾੜਾ ਤੇ ਪੁਆਰੀ ਦੀ ਸੰਗਤ ਦੇ ਸਹਿਯੋਗ ਨਾਲ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਲਗਪਗ 5 ਲੱਖ ਦੀ ਰਾਸ਼ੀ ਨਾਲ ਨਿੱਤ ਵਰਤੋਂ ਦਾ ਸਾਮਾਨ ਭੇਜਿਆ ਹੈ। ਇਸ ਮੌਕੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸੂਬਾ ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ।