ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਕਤੂਬਰ
ਮਾਲਵਾ ਖੇਤਰ ਦੇ ਕਿਸਾਨਾਂ ਨੇ ਭਾਵੇਂ ਰੇਲ ਪਟੜੀਆਂ ਤੋਂ ਕੱਲ੍ਹ ਬਾਅਦ ਦੁਪਹਿਰ ਧਰਨੇ ਚੁੱਕ ਲਏ ਸਨ ਅਤੇ ਰੇਲ ਆਵਾਜਾਈ ਲਈ ਲਾਈਨਾਂ ਨੂੰ ਵਿਹਲਾ ਕਰ ਦਿੱਤਾ ਗਿਆ ਸੀ, ਪਰ ਅੱਜ ਇਸ ਇਲਾਕੇ ਦੇ ਕਿਸਾਨਾਂ ਨੇ ਰੇਲ ਪਲੇਟਫਾਰਮਾਂ ’ਤੇ ਤੰਬੂ ਗੱਡ ਲਏ ਹਨ। ਕਿਸਾਨਾਂ ਦੇ ਹੁਣ ਰੇਲ ਪਟੜੀਆਂ ਦੀ ਥਾਂ ਹਰ-ਰੋਜ਼ ਰੇਲ ਪਲੇਟਫਾਰਮਾਂ ‘ਤੇ ਧਰਨੇ ਲੱਗਿਆ ਕਰਨਗੇ।
ਇੱਥੇ 29 ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਅੱਜ 23ਵੇਂ ਦਿਨ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਹੁਣ ਮੋਦੀ ਦੇ ਕਾਨੂੰਨਾਂ ਤੋਂ ਬਾਅਦ ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਨਹੀਂ ਰਹੇਗੀ ਅਤੇ ਪੰਜਾਬ ਦੇ ਕਿਸਾਨ ਵੱਲੋਂ ਦਿਨ-ਰਾਤ ਮਿਹਨਤ ਕਰਕੇ ਦੇਸ਼ ਦੇ ਭਰੇ ਹੋਏ ਅਨਾਜ ਭੰਡਾਰ ਖਾਲੀ ਹੋ ਜਾਣੇ ਹਨ ਅਤੇ ਪੰਜਾਬ ਦਾ ਕਿਸਾਨ ਭਾਰੀ ਕਰਜ਼ੇ ਦਾ ਸ਼ਿਕਾਰ ਹੋ ਕੇ ਹੋਰ ਆਰਥਿਕ ਮੰਦਹਾਲੀ ਦੀ ਪੰਡ ਹੇਠ ਦੱਬਿਆ ਜਾਵੇਗਾ।
ਇਸ ਮੌਕੇ ਜੁਗਰਾਜ ਸਿੰਘ ਹੀਰਕੇ, ਜਲੌਰ ਸਿੰਘ, ਨਿਹਾਲ ਸਿੰਘ, ਇਕਬਾਲ ਸਿੰਘ ਮਾਨਸਾ, ਕਰਨੈਲ ਸਿੰਘ ਮਾਨਸਾ, ਵਰਿਆਮ ਸਿੰਘ, ਜਰਨੈਲ ਸਿੰਘ, ਭਜਨ ਸਿੰਘ ਘੁੰਮਣ, ਕੁਲਵਿੰਦਰ ਸਿੰਘ ਉੱਡਤ, ਗੋਰਾ ਸਿੰਘ ਭੈਣੀਬਾਘਾ, ਗੁਰਦੇਵ ਸਿੰਘ, ਤਰਸੇਮ ਸਿੰਘ ਹੀਰਕੇ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਇਨਕਲਾਬੀ ਨੌਜਵਾਨ ਸਭਾ ਤੇ ਮਜ਼ਦੂਰ, ਕਿਸਾਨ, ਦੁਕਾਨਦਾਰ ਅਤੇ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਮਾਨਸਾ ਅੰਦਰ ਈਜ਼ੀ ਡੇਅ, ਮੋਰ ਸਟੋਰ, ਆਧਾਰ ਸਟੋਰ ਅਤੇ ਦੋ ਜੀਓ ਟੈਲੀਕਾਮ ਦੇ ਦਫ਼ਤਰ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਮੁਕੰਮਲ ਤੌਰ ’ਤੇ ਬੰਦ ਕਰਵਾ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਡੇ ਕਾਰਪੋਰੇਟਰਾਂ ਦੇ ਪੱਖ ਵਿੱਚ ਲਿਆਂਦੇ ਤਿੰਨੇ ਖੇਤੀ ਕਾਨੂੰਨਾ ਨਾਲ ਸਿਰਫ ਕਿਸਾਨਾਂ ਦਾ ਹੀ ਉਜਾੜਾ ਨਹੀਂ ਹੋਵੇਗਾ ਸਗੋਂ ਮੰਡੀਆਂ ਚ ਕੰਮ ਕਰਦਾ ਪੰਜਾਬ ਦਾ 5 ਲੱਖ ਮਜ਼ਦੂਰ ਬੇਰੁਜ਼ਗਾਰ ਹੋ ਜਾਵੇਗਾ ਅਤੇ ਦੁਕਾਨਦਾਰ ਤੇ ਛੋਟਾ ਵਪਾਰੀ ਬਾਜ਼ਾਰਾਂ ਵਿੱਚੋਂ ਉੱਜੜ ਜਾਵੇਗਾ।
ਇਸ ਮੌਕੇ ਗੋਰਾ ਸਿੰਘ ਭੈਣੀਬਾਘਾ, ਧੰਨਾ ਮੱਲ ਗੋਇਲ, ਮੱਖਣ ਸਿੰਘ, ਜਸਬੀਰ ਕੌਰ, ਗੁਰਜੰਟ ਸਿੰਘ, ਵਿੰਦਰ ਅਲਖ, ਸੁਰੇਸ਼ ਨੰਦਗੜ੍ਹੀਆ, ਜਰਨੈਲ ਸਿੰਘ, ਮੇਲਾ ਸਿਘ ਨੇ ਵੀ ਸੰਬੋਧਨ ਕੀਤਾ।
ਕਿਸਾਨ ਜਥੇਬੰਦੀਆਂ ਦਸਹਿਰੇ ਦੀਆਂ ਤਿਆਰੀਆਂ ’ਚ ਜੁਟੀਆਂ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਸਹਿਰੇ ਮੌਕੇ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕਣ ਦੇ ਪ੍ਰਬੰਧ ਜੋਰਸ਼ੋਰ ਨਾਲ ਚੱਲ ਰਹੇ ਹਨ। ਕਿਸਾਨ ਪੁਤਲੇ ਤਿਆਰ ਕਰਨ ਵਿੱਚ ਜੁਟੇ ਹੋਏ ਹਨ। ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜਾਰੀ ਮੋਰਚੇ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਪੰਜਾਬ ਵਿੱਚ 41 ਸ਼ਹਿਰਾਂ ਵਿੱਚ ਪੁਤਲੇ ਫੂਕੇ ਜਾਣਗੇ ਅਤੇ ਬਠਿੰਡਾ ਵਿੱਚ ਅੱਠ ਥਾਵਾਂ ਚੁਣੀਆਂ ਗਈਆਂ ਹਨ। ਭੁੱਚੋ ਮੰਡੀ ਦੇ ਬੱਸ ਅੱਡੇ ਨੇੜੇ ਮਿਉਂਸਪਲ ਪਾਰਕ ਵਿੱਚ ਪੁਤਲੇ ਫੂਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪੂੰਜੀਪਤੀਆਂ ਦੀ ਮਾਲਕੀ ਜਾਂ ਹਿੱਸੇਦਾਰੀ ਵਾਲੇ ਨਿੱਜੀ ਥਰਮਲਾਂ ਵਿੱਚ ਕੋਲਾ ਨਹੀਂ ਜਾਣ ਦਿੱਤਾ ਜਾਵੇਗਾ। ਜਥੇਬੰਦੀ ਵੱਲੋਂ ਸਿਰਫ਼ ਸਰਕਾਰੀ ਥਰਮਲਾਂ ਨੂੰ ਹੀ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਥਰਮਲਾਂ ਦਾ ਭੋਗ ਪਾ ਕੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਸਰਕਾਰੀ ਥਰਮਲਾਂ ਨੂੰ ਹੀ ਚਲਾਵੇ। ਉਗਰਾਹਾਂ ਧੜੇ ਵੱਲੋਂ ਟੌਲ ਪਲਾਜ਼ਾ, ਬੈਸਟ ਪ੍ਰਾਈਜ਼ਾ ਅਤੇ ਐੱਸਆਰ ਪੰਪ ’ਤੇ ਚੱਲ ਰਹੇ ਮੋਰਚਿਆਂ ਵਿੱਚ ਕਿਸਾਨ ਆਗੂ ਪਰਮਜੀਤ ਪਿੱਥੋ, ਮੋਠੂ ਕੋਟੜਾ, ਨਿੱਕਾ ਜੇਠੂਕੇ, ਕਹਾਣੀਕਾਰ ਅਤਰਜੀਤ ਸਿੰਘ, ਹੁਸ਼ਿਆਰ ਸਿੰਘ, ਬਲਜੀਤ ਸਿੰਘ, ਬੱਗਾ ਚਾਉਕੇ, ਅਮਨਦੀਪ ਚਾਉਕੇ, ਰਜਿੰਦਰ ਸਿੰਘ ਮੌੜ, ਹਰਦੇਵ ਖਾਲਸਾ ਅਤੇ ਸਿਕੰਦਰ ਘੁੰਮਣ, ਅਵਤਾਰ ਸਿੰਘ, ਸਿਮਰਜੀਤ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਬਲਕਰਨ ਸਿੰਘ ਨੇ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ, ਅਡਾਨੀ ਤੇ ਅੰਬਾਨੀ ਦੇ ਪੁਤਲੇ ਫੂਕੇ
ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ-ਮਜ਼ਦੂਰਾਂ, ਬੀਬੀਆਂ ਤੇ ਬੱਚਿਆਂ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਜ਼ੀਰਾ ਸ਼ਹਿਰ ਵਿੱਚ ਰੋਸ ਮਾਰਚ ਕੱਢਦੇ ਹੋਏ ਮੇਨ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਨਿਲ ਅੰਬਾਨੀ ਤੇ ਗੌਤਮ ਅਡਾਨੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸਖਵੰਤ ਸਿੰਘ ਲਹੁਕਾ ਨੇ ਕਿਹਾ ਕਿ ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜੰਗ ਜਾਰੀ ਰਹੇਗੀ ਤੇ ਕਾਲੇ ਕਾਨੂੰਨ ਕਿਸੇ ਵੀ ਕੀਮਤ ’ਤੇ ਪੰਜਾਬ ’ਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।