ਪਰਸ਼ੋਤਮ ਬੱਲੀ
ਬਰਨਾਲਾ, 3 ਜੁਲਾਈ
ਬੱਤੀ ਜਥੇਬੰਦੀਆਂ ’ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 276ਵੇਂ ਦਿਨ ਵੀ ਪੂਰੇ ਜੋਸ਼ ਨਾਲ ਮਘਦਾ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 8 ਜੁਲਾਈ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਜਗਸੀਰ ਸਿੰਘ ਸੀਰਾ, ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ ਕਲਾਂ, ਬਲਜੀਤ ਸਿੰਘ ਚੌਹਾਨਕੇ, ਅਮਰਜੀਤ ਕੌਰ, ਮੇਲਾ ਸਿੰਘ ਕੱਟੂ, ਰਣਧੀਰ ਸਿੰਘ ਰਾਜਗੜ ਤੇ ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਨਾਕਸ ਬਿਜਲੀ ਸਪਲਾਈ ਤੇ ਨਹਿਰੀ ਪਾਣੀ ਦੇ ਮੁੱਦੇ ’ਤੇ6 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਕਰਕੇ ਸੂਬੇ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰ ’ਤੇ ਬਿਜਲੀ ਬੋਰਡਾਂ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਿਸਾਨ ਅੰਦੋਲਨ ਬਾਰੇ ਕਵੀਸ਼ਰੀ ਗਾਈ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਨਵੇਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਅੱਗੇ 275 ਦਿਨਾਂ ਤੋਂ ਚੱਲ ਰਿਹਾ ਮੋਰਚਾ ਜਾਰੀ ਹੈ। ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਇਸ ਕਿਸਾਨ ਸ਼ੰਘਰਸ ਨੇ ਲੋਕਾਂ ਨੂੰ ਜਮਹੂਰੀ ਹੱਕਾਂ ਲਈ ਲੜਣਾ ਸਿਖਾ ਦਿੱਤਾ ਹੈ। ਇਸ ਸਦਕਾ ਹੁਣ ਲੋਕਾਂ ਨੇ ਪਿੰਡਾਂ ਵਿੱਚ ਆਉਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦਾ ਨੁਮਾਇੰਦਿਆਂ ਕੋਲ ਕੋਈ ਜਵਾਬ ਨਹੀਂ ਹੁੰਦਾ, ਇਸ ਕਾਰਨ ਉਹ ਹੁਣ ਪਿੰਡਾਂ ਵਿੱਚ ਵੜਣ ਦੀ ਹਿੰਮਤ ਖੋ ਚੁੱਕੇ ਹਨ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ, ਠੇਕਾ ਮੁਲਾਜ਼ਮ ਆਗੂ ਜਗਰੂਪ ਸਿੰਘ ਲਹਿਰਾ, ਪਰਮਜੀਤ ਕੌਰ ਲਹਿਰਾ ਅਤੇ ਸੁਖਜੀਤ ਕੌਰ ਚੱਕ ਨੇ ਸੰਬੋਧਨ ਕੀਤਾ ਤੇ ਸਟੇਜ ਦੀ ਕਾਰਵਾਈ ਗੁਰਮੇਲ ਸਿੰਘ ਨਥਾਣਾ ਨੇ ਚਲਾਈ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਕਿਸਾਨਾਂ ਨੂੰ ਦਰਪੇਸ਼ ਬਿਜਲੀ, ਪਾਣੀ ਦੀ ਵੱਡੀ ਸਮੱਸਿਆ ਸਬੰਧੀ ਬੱਤੀ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ’ਤੇ ਛੇ ਜੁਲਾਈ ਨੂੰ ਪਟਿਆਲਾ ਸਥਿਤ ਮੋਤੀ ਮਹਿਲ ਦੇ ਘਿਰਾਓ ਲਈ ਰਾਉਕੇ ਕਲਾਂ ਵਿੱਚ ਮੀਟਿੰਗ ਕੀਤੀ ਗਈ। ਬਲਾਕ ਪ੍ਰਧਾਨ ਨਾਜ਼ਰ ਸਿੰਘ ਖਾਈ, ਪ੍ਰਧਾਨ ਚਮਕੌਰ ਸਿੰਘ ਰੋਡੇ, ਨੌਜਵਾਨ ਆਗੂ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਬਿਜਲੇ ਦੇ ਲੰਮੇ ਕੱਟ ਲੱਗ ਰਹੇ ਹਨ, ਜਿਸ ਕਰਕੇ ਕਿਸਾਨਾਂ ਲਈ ਝੋਨਾ ਪਾਲਣਾ ਔਖਾ ਸਾਬਤ ਹੋ ਰਿਹਾ ਹੈ। ਇਸ ਮੌਕੇ ਜਗਰੂਪ ਰਾਉਕੇ, ਭੂਪਾ ਨੰਬਰਦਾਰ, ਬਲਕਰਨ ਮੱਲੇਆਣਾ, ਧਰਮਿੰਦਰ, ਜੱਗਾ, ਕੁਲਵੰਤ ਸਿੰਘ, ਜੱਸੀ ਮੱਲੇਆਣਾ ਤੇ ਸਿਕੰਦਰ ਸਿੰਘ ਹਾਜ਼ਰ ਸਨ।
ਧਨੇਰ ਨੇ ਕਿਸਾਨਾਂ ਨੂੰ ਦਿੱਲੀ ਮੋਰਚੇ ਲਈ ਪ੍ਰੇਰਿਆ
ਮਲੋਟ (ਲਖਵਿੰਦਰ ਸਿੰਘ ਬਰਾੜ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦਿੱਲੀ ਮੋਰਚੇ ਸਬੰਧੀ ਪੰਨੀਵਾਲਾ ਫੱਤਾ ਵਿੱਚ ਵੱਖ-ਵੱਖ ਪਿੰਡਾਂ ਡੱਬਵਾਲੀ ਢਾਬ, ਰਾਣੀਵਾਲਾ, ਮੋਹਲਾਂ, ਤਰਖਾਣਵਾਲਾ, ਡੱਬਵਾਲੀ ਮਲਕੋਕੀ, ਸ਼ੇਰਗੜ੍ਹ, ਪੰਨੀਵਾਲਾ ਅਤੇ ਪਿੰਡ ਮਲੋਟ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਘਰਸ਼ ਲਗਭਗ ਜਿੱਤ ਦੇ ਨੇੜੇ ਹੈ, ਹੁਣ ਲੋੜ ਹੈ ਕਿ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਮੋਰਚੇ ਵਿੱਚ ਹਾਜ਼ਰੀ ਲਵਾਉਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਬਲਾਕ ਪ੍ਰਧਾਨ ਲਖਣਪਾਲ ਸ਼ਰਮਾ ਨੇ ਵੀ ਸੰਬੋਧਨ ਕੀਤਾ। ਸ੍ਰੀ ਧਨੇਰ ਵੱਲੋਂ ਪਰਮਿੰਦਰ ਸਿੰਘ ਉਰਫ ਡੀਪੀ ਉੜਾਂਗ ਨੂੰ ਡਕੌਂਦਾ ਜਥੇਬੰਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੋਹੜ ਸਿੰਘ ਸ਼ੇਰਗੜ੍ਹ, ਸੰਤਪਾਲ ਅਤੇ ਬੰਟੀ ਪਿੰਡ ਮੋਹਲਾਂ, ਪੂਰਨ ਸਿੰਘ ਡੱਬਵਾਲੀ ਢਾਬ, ਫੌਜੀ ਪੰਨੀਵਾਲਾ ਅਤੇ ਸੋਨਾ ਰਾਣੀਵਾਲਾ ਹਾਜ਼ਰ ਸਨ।
ਭੋਤਨਾ ਤੋਂ ਦਿੱਲੀ ਮੋਰਚੇ ਲਈ ਜਥਾ ਰਵਾਨਾ
ਟੱਲੇਵਾਲ (ਲਖਵੀਰ ਸਿੰਘ ਚੀਮਾ): ਅੱਜ ਪਿੰਡ ਭੋਤਨਾ ਤੋਂ ਕਿਸਾਨਾਂ ਦਾ ਜੱਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਕਿਸਾਨ ਆਗੂ ਗੁਰਨਾਮ ਸਿੰਘ ਫ਼ੌਜੀ ਅਤੇ ਬਿੰਦਰ ਸਿੰਘ ਭੋਤਨਾ ਨੇ ਕਿਹਾ ਕਿ ਹਰ ਮਹੀਨੇ 3 ਵਾਰ ਉਹਨਾਂ ਦੇ ਪਿੰਡ ਤੋਂ ਕੈਂਟਰ ਭਰ ਕੇ ਕਿਸਾਨਾਂ ਦੇ ਕਾਫ਼ਲੇ ਦਿੱਲੀ ਮੋਰਚੇ ਵਿੱਚ ਜਾ ਰਹੇ ਹਨ।