ਪੱਤਰ ਪ੍ਰੇਰਕ
ਮਾਨਸਾ, 23 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਾਨਸਾ ਦੀ ਮਹਿੰਦਰਾ ਟਰੈਕਟਰ ਏਜੰਸੀ ਦੇ ਗੇਟ ਅੱਗੇ ਲਗਾਤਾਰ 6 ਦਿਨਾਂ ਤੋਂ ਲਾਇਆ ਧਰਨਾ ਅੱਜ ਉਸ ਵੇਲੇ ਸਮਾਪਤ ਹੋ ਗਿਆ, ਜਦੋਂ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ। ਜਥੇਬੰਦੀ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਿਆਂ ਜੇਤੂ ਰੈਲੀ ਕਰਨ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ।
ਇਸ ਤੋਂ ਪਹਿਲਾਂ ਜਥੇਬੰਦੀ ਨੇ ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਬਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਛੇ ਦਿਨਾਂ ਤੋਂ ਏਜੰਸੀ ਦਾ ਗੇਟ ਘੇਰ ਕੇ ਧਰਨਾ ਲਾਇਆ ਹੋਇਆ ਸੀ। ਇਸ ਧਰਨੇ ਸਬੰਧੀ ਪੁਲੀਸ ਅਧਿਕਾਰੀ ਸਮੇਤ ਸਿਵਲ ਅਧਿਕਾਰੀਆਂ ਦੀ ਕਿਸਾਨ ਜਥੇਬੰਦੀ ਦੇ ਮੁੱਖ ਆਗੂਆਂ ਨਾਲ 3 ਵਾਰ ਮੀਟਿੰਗ ਹੋ ਚੁੱਕੀ ਸੀ, ਪਰ ਮਾਮਲਾ ਕਿਸੇ ਤਣ-ਪਤੱਣ ਨਹੀਂ ਸੀ ਲੱਗਿਆ।
ਇਸ ਤੋਂ ਪਹਿਲਾਂ ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਕਿਸਾਨ ਬਿੰਦਰ ਸਿੰਘ ਨੇ ਮਹਿੰਦਰਾ ਏਜੰਸੀ ਤੋਂ 5 ਮਹੀਨੇ ਪਹਿਲਾਂ ਇੱਕ ਟਰੈਕਟਰ ਕਿਸ਼ਤਾਂ ’ਤੇ ਸਾਢੇ 7 ਲੱਖ ਰੁਪਏ ਦਾ ਲਿਆ ਸੀ, ਜਿਸ ਵਿੱਚ ਵਾਰ-ਵਾਰ ਖ਼ਰਾਬੀ ਆਉਣ ਕਾਰਨ ਏਜੰਸੀ ਮਾਲਕ ਨੂੰ ਮਿਲ ਕੇ ਮਸਲਾ ਹੱਲ ਕਰਨ ਲਈ ਕਿਹਾ ਗਿਆ, ਪਰ ਉਸ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਇਸੇ ’ਤੇ ਏਜੰਸੀ ਸਾਹਮਣੇ ਧਰਨਾ ਦਿੱਤਾ ਗਿਆ।
ਸ੍ਰੀ ਭੈਣੀਬਾਘਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਰੱਖੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਪੀੜਤ ਕਿਸਾਨ ਬਿੰਦਰ ਸਿੰਘ ਨੂੰ ਏਜੰਸੀ ਪੁਰਾਣਾ ਟਰੈਕਟਰ ਅਤੇ 75 ਹਜ਼ਾਰ ਰੁਪਏ ਦੇਣ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਮੌਕੇ ਮਨਜੀਤ ਉੱਲਕ, ਹਰਬੰਸ ਟਾਂਡੀਆਂ, ਚਾਨਣ ਜਟਾਣਾ, ਗੁਰਮੀਤ ਭੁਪਾਲ ਨੇ ਵੀ ਸੰਬੋਧਨ ਕੀਤਾ।