ਸਮਾਲਸਰ (ਪੱਤਰ ਪ੍ਰੇਰਕ): ਨੇੜਲੇ ਪਿੰਡ ਵੈਰੋਕੇ ’ਚ ਟਰੈਕਟਰ ’ਤੇ ਉੱਚੀ ਆਵਾਜ਼ ਵਿਚ ਡੈੱਕ ਲਾ ਕੇ ਗਲੀ ਵਿਚੋਂ ਲੰਘਣ ਤੋਂ ਰੋਕਣ ’ਤੇ ਹਵਾਈ ਫਾਇਰ ਕਰਨ, ਲਲਕਾਰੇ ਮਾਰਨ, ਗੇਟ ਦੀ ਭੰਨ ਤੋੜ ਕਰਨ ਦੇ ਦੋਸ਼ ’ਚ ਸਮਾਲਸਰ ਪੁਲੀਸ ਨੇ 9 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਸਮਾਲਸਰ ਪੁਲੀਸ ਦੇ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਤੇਜਾ ਸਿੰਘ ਸਿੰਘ ਪੁੱਤਰ ਚੰਦ ਸਿੰਘ ਵਾਸੀ ਵੈਰੋਕੇ ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ ਕਾਲਾ, ਸੁਖਚੈਨ ਸਿੰਘ, ਗੁਰਭੇਜ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਜੀਤ ਸਿੰਘ, ਹਰਮਨ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਸਾਰੇ ਵਾਸੀ ਵੈਰੋਕੇ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਸਾਹਮਣੇ ਆਏ ਅਤੇ ਉਸ ਦੇ ਗੇਟ ਦੀ ਭੰਨ-ਤੋੜ ਕੀਤੀ, ਲਲਕਾਰੇ ਮਾਰੇ, ਗਾਲੀ ਗਲੋਚ ਕੀਤਾ। 4-5 ਹਵਾਈ ਫਾਇਰ ਕੀਤੇ। ਜਦ ਉਸ ਨੇ ਗੇਟ ਖੋਲ੍ਹਿਆ ਤਾਂ ਉਹ ਸਾਰੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਵਗੈਰਾ ਟਰੈਕਟਰ ’ਤੇ ਉੱਚੀ ਆਵਾਜ਼ ਵਿਚ ਡੈੱਕ ਲਾ ਕੇ ਉਸ ਦੇ ਘਰ ਸਾਹਮਣੇ ਲੰਘਦੇ ਸਨ। ਉਸ ਨੇ ਉਨਾ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਜਿਸ ਕਾਰਨ ਇਹ ਘਟਨਾ ਵਾਪਰੀ। ਸਥਾਨਕ ਪੁਲੀਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।