ਜਸਵੰਤ ਜੱਸ
ਫ਼ਰੀਦਕੋਟ, 27 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪੱਧਰੀ ਸੱਦੇ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਵੱਲੋ ਲਗਾਏ ਪੱਕੇ ਮੋਰਚੇ ਦੇ ਅੱਠਵੇਂ ਦਿਨ ਕਿਸਾਨੀ ਮੰਗਾਂ ਦੇ ਨਾਲ-ਨਾਲ ਸਾਹਿਬਜ਼ਾਦਿਆਂ ਦੇ ਸੰਘਰਸ਼ੀ ਜੀਵਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਆਗੂ ਮਲਕੀਤ ਸਿੰਘ ਚੰਮੇਲੀ, ਗੁਰਸੇਵਕ ਸਿੰਘ ਭੋਲੂਵਾਲਾ, ਬਲਦੇਵ ਸਿੰਘ ਮੱਤਾ, ਨਿਰਮਲ ਸਿੰਘ, ਚਰਨਜੀਤ ਸਿੰਘ , ਜਗਜੀਤ ਸਿੰਘ, ਜਸਪ੍ਰੀਤ ਸਿੰਘ ਜੱਸੀ ਨੇ ਕਿਹਾ ਕਿ ਕਿਰਤੀ ਲੋਕਾਂ ਨੂੰ ਮੌਜੂਦਾ ਹਕੂਮਤ ਦੀਆਂ ਮਨਮਾਨੀਆਂ ਅਤੇ ਮਾੜੀਆਂ ਨੀਤੀਆਂ ਖਿਲਾਫ਼ ਡਟ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂ ਤਾਰਾ ਸਿੰਘ,ਦਰਸ਼ਨ ਸਿੰਘ, ਗੁਰਦੇਵ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕੜਾਕੇ ਦੀ ਠੰਡ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਪੰਜਾਬ ਸਰਕਾਰ ਖਿਲਾਫ ਚੱਲ ਰਹੇ ਧਰਨੇ ਦਾ ਅੱਠਵਾਂ ਦਿਨ ਮਾਤਾ ਗੁਜ਼ਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ, ਗੁਰਾਂਦਿੱਤਾ ਸਿੰਘ ਭਾਗਸਰ, ਰਾਜਾ ਸਿੰਘ ਮਹਾਂਬੱਧਰ, ਹਰਫੂਲ ਸਿੰਘ ਭਾਗਸਰ, ਗੁਰਤੇਜ ਸਿੰਘ ਅਤੇ ਨਿਸ਼ਾਨ ਸਿੰਘ ਕੱਖਾਂਵਾਲੀ ਦੀ ਅਗਵਾਈ ਹੇਠ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਲੋਕ ਸਭਾ ਮੈਂਬਰ ਗੁਰਜੀਤ ਔਜਲਾ ਦਾ ਪੁਤਲਾ ਫ਼ੂਕਿਆ
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ-ਮਜ਼ਦੂਰਾਂ ਦਾ ਰੇਲ ਰੋਕੋ ਅੰਦੋਲਨ ਲਗਾਤਾਰ ਅੱਠਵੇਂ ਦਿਨ ਵੀ ਜਾਰੀ ਹੈ। ਇੱਥੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਕਿਸਾਨ ਤੇ ਮਜ਼ਦੂਰ ਛਾਉਣੀ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਸੂਬਾ ਕਮੇਟੀ ਮੈਂਬਰ ਰਣਵੀਰ ਸਿੰਘ ਰਾਣਾ ਨੇ ਧਰਨੇ ਦੀ ਅਗਵਾਈ ਕੀਤੀ। ਅੱਜ ਕਿਸਾਨ ਮਜ਼ਦੂਰਾਂ ਨੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਦਾ ਪੁਤਲਾ ਫ਼ੂਕਿਆ। ਔਜਲਾ ਨੇ ਕੁਝ ਦਿਨ ਪਹਿਲਾਂ ਜਥੇਬੰਦੀ ਦੇ ਇਸ ਧਰਨੇ ਨੂੰ ਗ਼ਲਤ ਠਹਿਰਾਇਆ ਸੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਔਜਲਾ ਬਿਆਨ ਦੇਣ ਦੀ ਬਜਾਏ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਨੂੰ ਤਰਜੀਹ ਦੇਣ।