ਪੱਤਰ ਪ੍ਰੇਰਕ
ਸ਼ਹਿਣਾ, 10 ਮਾਰਚ
ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਜਿੱਤ ’ਤੇ ਪਾਰਟੀ ਵਰਕਰਾਂ ਨੇ ਸ਼ਹਿਣਾ ਵਿੱਚ ਲੱਡੂ ਵੰਡੇ, ਭੰਗੜੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ। ਪਾਰਟੀ ਵਰਕਰ ਕੁਲਵੰਤ ਸਿੰਘ ਮੋਹਣੀ, ਰੂਪ ਸਿੰਘ, ਯਾਦਵਿੰਦਰ ਸਿੰਘ, ਪਿਆਰਾ ਸਿੰਘ ਅਤੇ ਕੁਲਦੀਪ ਸਿੰਘ ਦੀਪੀ ਰਾਜਸਥਾਨੀ ਨੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਲਗਪਗ ਤਿੰਨ ਕੁਇੰਟਲ ਦੇ ਕਰੀਬ ਲੱਡੂ ਵੰਡੇ ਗਏ। ਲੋਕਾਂ ਦਾ ਧੰਨਵਾਦ ਕਰਨ ਲਈ ਜੇਤੂ ਰੈਲੀ ਵੀ ਕੱਢੀ ਗਈ। ਉਧਰ ਪਿੰਡ ਉਗੋਕੇ ’ਚ ਜਿੱਤ ਮਗਰੋਂ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਪਿੰਡ ਉਗੋਕੇ ਦਾ ਪਹਿਲਾ ਵਿਅਕਤੀ ਵਿਧਾਇਕ ਬਣਿਆ ਹੈ। ਪਿੰਡ ਦੇ ਲੋਕਾਂ ਨੇ ਲੱਡੂ ਵੰਡੇ ਅਤੇ ਖੁਸ਼ੀ ਪ੍ਰਗਟਾਈ। ਪਿੰਡ ਵਾਸੀਆਂ ਨੇ ਇਸ ਜਿੱਤ ਨੂੰ ਆਮ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਜਿੱਤੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਇਹ ‘ਆਪ’ ਦੀ ਸੁਨਾਮੀ ਹੈ, ਲਹਿਰ ਨਹੀਂ।
ਭਦੌੜ ’ਚ ਲੋਕਾਂ ਨੇ ਪਟਾਕੇ ਚਲਾ ਕੇ ਭੰਗੜੇ ਪਾਏ
ਭਦੌੜ: ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦੀ ਪਹਿਲੇ ਰਾਊਂਡ ਤੋਂ ਜਿਉਂ ਹੀ ਲੀਡ ਵਧਣੀ ਸ਼ੁਰੂ ਹੋਈ ਤਿਉਂ ਹੀ ‘ਆਪ’ ਦੇ ਵਰਕਰਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਕਸਬੇ ਦੇ ਹਰ ਮੁਹੱਲੇ ਵਿੱਚ ਲੋਕਾਂ ਨੇ ਭੰਗੜੇ ਪਾਏ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੌਂਸਲਰ ਜਗਦੀਪ ਸਿੰਘ ਜੱਗੀ ਨੇ ਲਾਭ ਸਿੰਘ ਉੱਗੋਕੇ ਦੀ ਜਿੱਤ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹਲਕਾ ਭਦੌੜ ਤੋਂ ਲੜਾਈ ਰਾਜੇ ਚਰਨਜੀਤ ਸਿੰਘ ਚੰਨੀ (ਮੁੱਖ ਮੰਤਰੀ) ਤੇ ਇੱਕ ਸਾਧਾਰਨ ਪਰਿਵਾਰ ਦੇ ਲਾਭ ਸਿੰਘ ਉੱਗੋਕੇ ਵਿਚਕਾਰ ਸੀ ਇਹ ਲੜਾਈ ਸੱਚ ਤੇ ਝੂਠ ਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੀ ਸਰਕਾਰ ਬਣਨ ਜਾ ਰਹੀ ਹੈ ਜੋ ਲੋਕਾਂ ਲਈ ਕੰਮ ਕਰ ਕੇ ਸੂਬੇ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗੀ। -ਪੱਤਰ ਪ੍ਰੇਰਕ