ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਦਸੰਬਰ
ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਖੇਤਾਂ ਦੇ ਪੁੱਤਾਂ ਨੇ ਦਿੱਲੀ ਨਾਲ ਟੱਕਰ ਲਾਈ ਹੋਈ ਹੈ। ਮੋਦੀ ਸਰਕਾਰ ਖ਼ਿਲਾਫ਼ ਹੁਣ ਖੇਤਾਂ ’ਚ ਵੀ ਗੁੱਸੇ ਦੀ ਲਹਿਰ ਉੱਠ ਖੜ੍ਹੀ ਹੋਈ ਹੈ। ਕੰਧਾਂ ਉੱਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ’ਚ ਇਬਾਰਤ ਲਿਖੀ ਜਾ ਰਹੀ ਹੈ। ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕਰੋ।‘ਸਾਡੀ ਧਰਤੀ’ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ। ਪੰਜਾਬ ਵਿੱਚੋਂ ਉੱਠੀ ਕਿਸਾਨ ਸੰਘਰਸ਼ ਦੀ ਚਿੰਗਾੜੀ ਹੁਣ ਕੌਮਾਂਤਰੀ ਪੱਧਰ ਉੱਤੇ ਭਾਂਬੜ ਬਣ ਗਈ ਹੈ। ਇਨਕਲਾਬੀ ਆਗੂ ਸੁਖਜਿੰਦਰ ਮਹੇਸ਼ਰੀ ਦੀ ਅਗਵਾਈ ਹੇਠ ਪਿੰਡ ਮਹੇਸ਼ਰੀ ਦੇ ਨੌਜਵਾਨਾਂ ਤੇ ਆਮ ਲੋਕਾਂ ਨੇ ਖੇਤਾਂ ’ਚ ਟਿਊਬਵੈੱਲ ਕੋਠੜੀਆਂ, ਸੜਕਾਂ ਤੇ ਦੀਵਾਰਾਂ ਨੂੰ ਖੇਤੀ ਅੰਦੋਲਨ ਦੇ ਰੰਗ ’ਚ ਰੰਗਣ ਦਾ ਕੰਮ ਵਿੱਢਿਆ ਹੈ। ਨੌਜਵਾਨ ਇਕੱਠੇ ਹੋ ਕੇ ਪਿੰਡ ’ਚ ਨਾਅਰੇ ਲਿਖ ਰਹੇ ਹਨ। ਕੋਈ ਕੰਧਾਂ ਦੀ ਸਫਾਈ ਕਰ ਰਿਹਾ ਹੈ, ਕੋਈ ਰੰਗ ਵਾਲਾ ਬੁਰਸ਼ ਚਲਾ ਰਿਹਾ ਤੇ ਕੋਈ ਉੱਚੇ ਥਾਂ ਘੋੜੀ ਤੇ ਪੌੜੀ ਨਾਲ ਲਿਖ ਰਿਹਾ ਹੈ। ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ‘ਮੋਦੀ ਟੀਵੀ ਦੇ ਕੈਮਰੇ ਅੱਗੇ ਬੈਠ ਕੇ ਬਨਾਉਟੀ ਗੱਲਾਂ ਨਾ ਕਰੇ, ਉਹ ਸਾਡੇ ਪਿੰਡ ਆ ਕੇ ਕੰਧ ਉੱਤੇ ਲਿਖਿਆ ਪੜ੍ਹੇ ਕਿ ਦੇਸ਼ ਦੇ ਲੋਕ ਚਾਹੁੰਦੇ ਕੀ ਹਨ। ਅਸੀਂ ਭਾਜਪਾ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ‘ਜਨ ਕੀ ਬਾਤ’ ਇਹ ਹੈ ਕਿ ਸਾਡੀ ਧਰਤ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ ਤੇ ਲੋਕ, ਸਭ ਦਾ ਢਿੱਡ ਭਰਨ ਲਈ ਫਸਲਾਂ ਉਗਾਉਂਦੇ ਹਨ। ਅੰਬਾਨੀਆਂ-ਅਦਾਨੀਆਂ ਦੇ ਮੁਨਾਫ਼ਿਆ ਵਾਸਤੇ ਨਹੀਂ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਤੇ ਸਰਕਾਰੀ ਮਸ਼ੀਨਰੀ ਬੇਸ਼ਰਮੀ ਨਾਲ ਸ਼ਰੇਆਮ ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਅਰਬਾਂ ਰੁਪਏ ਝੂਠੇ ਪ੍ਰਚਾਰ ਉੱਤੇ ਖਰਚ ਰਹੀ ਹੈ।