ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਮਾਰਚ
ਇੱਥੇ ਬੀਤੇ ਕੱਲ੍ਹ ਮੋਗਾ-ਬਰਨਾਲਾ ਹਾਈਵੇ ਸਥਿਤ ਭਾਰਤ ਪੈਟਰੋਲੀਅਮ ਪੰਪ ਦੇ ਮੈਨੇਜਰ ਨਿਰਭੈ ਸਿੰਘ ਅਤੇ ਸੇਲਜ਼ਮੈਨ ਪ੍ਰਦੀਪ ਕੁਮਾਰ ਪੰਪ ਤੋਂ 3.65 ਲੱਖ ਰੁਪਏ ਦੀ ਨਕਦੀ ਲੈ ਕੇ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਵਿੱਚ ਜਮ੍ਹਾਂ ਕਰਾਉਣ ਲਈ ਜਾ ਰਹੇ ਸਨ ਤਾਂ ਦੋ ਅਣਪਛਾਤੇ ਵਿਅਕਤੀ, ਮੈਨੇਜਰ ਨਿਰਭੈ ਸਿੰਘ ਦੀ ਕੁੱਟਮਾਰ ਕਰ ਕੇ ਕੈਸ਼ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਪੁਲੀਸ ਨੇ ਲੁੱਟ ਖੋਹ ਦੀ ਘਟਨਾ ਦਾ ਸੁਰਾਗ ਲਗਾਉਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪੈਟਰੋਲ ਪੰਪ ਮਾਲਕ ਰਾਹੁਲ ਗਰੋਵਰ ਪੁੱਤਰ ਜਸਪਾਲ ਗਰੋਵਰ ਵਾਸੀ ਪਿੰਡ ਮੱਲਾਂਵਾਲਾ ਦੇ ਬਿਆਨ ’ਤੇ ਕੇਸ ਦਰਜ ਕੀਤਾ ਸੀ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਸਲ ਵਿਚ ਇਸ ਖੋਹ ਦੀ ਸਾਜ਼ਿਸ਼ ਪੈਟਰੋਲ ਪੰਪ ਦੇ ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ ਨੇ ਖੁਦ ਰਚੀ ਸੀ। ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ, ਸੈਲਜ਼ਮੈਨ ਲਵਪ੍ਰੀਤ ਸਿੰਘ ਉਰਫ਼ ਲਵੀ, ਬਲਵੰਤ ਸਿੰਘ ਉਰਫ਼ ਮੋਟੂ ਅਤੇ ਇੰਦਰਜੀਤ ਸਿੰਘ ਉਰਫ਼ ਗੋਲਾ ਵਾਸੀ ਪਿੰਡ ਭਾਗੀਕੇ ਨੇ ਇਸ ਫਰਜ਼ੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨਿਰਭੈ ਸਿੰਘ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਪੈਟਰੋਲ ਪੰਪ ਦੇ ਪੈਸਿਆਂ ਵਿਚੋਂ 2 ਲੱਖ ਰੁਪਏ ਦੀ ਹੇਰਾ-ਫੇਰੀ ਕੀਤੀ ਸੀ। ਇਸ ਹੇਰਾਫੇਰੀ ’ਤੇ ਪਰਦਾ ਪਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਮੰਨਿਆ ਕਿ ਪਿਛਲੀ ਹੇਰਾਫੇਰੀ ਲੁਕਾਉਣ ਲਈ ਰਕਮ ਨੂੰ 3.65 ਲੱਖ ਰੁਪਏ ਦੇ ਰੂਪ ਵਿਚ ਗਲਤ ਦੱਸਿਆ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 1.65 ਲੱਖ ਰੁਪਏ ਬਰਾਮਦ ਕਰ ਲਏ ਹਨ।