ਹਰਮੇਸ਼ ਪਾਲ ਨੀਲੇਵਾਲ
ਜ਼ੀਰਾ, 8 ਸਤੰਬਰ
ਪਿੰਡ ਲਹਿਰਾ ਰੋਹੀ ਵਿੱਚ ਬੀਤੇ ਦਿਨੀਂ ਇਕ ਬਿਰਧ ਔਰਤ ਦੀ ਭੇਤਭਰੇ ਹਾਲਾਤ ਵਿੱਚ ਹੋਈ ਮੌਤ ਦੇ ਮਾਮਲੇ ਵਿਚ ਪੁਲੀਸ ਨੇ ਮ੍ਰਿਤਕਾ ਦੇ ਰਿਸ਼ਤੇਦਾਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਥਾਣਾ ਸਦਰ ਜ਼ੀਰਾ ਮ੍ਰਿਤਕਾ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨਾਰੰਗ ਸਿੰਘ ਵਾਲਾ ਦੇ ਬਿਆਨਾਂ ’ਤੇ ਦਰਜ ਕੀਤਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਪੁਲੀਸ ਨੂੰ ਤਫਤੀਸ਼ ਦੌਰਾਨ ਮਿਲੇ ਸੁਰਾਗ ਦੇ ਆਧਾਰ ’ਤੇ ਮਿਤੀ 25-08-21 ਨੂੰ ਸੁਖਦੀਪ ਸਿੰਘ ਉਰਫ ਸੀਪਾ ਪੁੱਤਰ ਆਤਮਾ ਸਿੰਘ ਵਾਸੀ ਕਲੇਰ ਥਾਣਾ ਸਦਰ ਫ਼ਰੀਦਕੋਟ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਨੂੰ ਮਿਤੀ 4-09-21 ਨੂੰ ਗੁਰੂਗ੍ਰਾਮ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ’ਚ ਸਾਹਮਣੇ ਆਇਆ ਕਿ ਮ੍ਰਿਤਕਾ ਹਰਭਜਨ ਕੌਰ ਦੀ ਨੂੰਹ ਜੋ ਸਪੇਨ ਵਿੱਚ ਰਹਿੰਦੀ ਹੈ, ਮੁਲਜ਼ਮ ਦੀ ਭੂਆ ਲਗਦੀ ਹੈ। ਉਸ ਨੂੰ ਰਿਸ਼ਤੇਦਾਰੀ ਕਰਕੇ ਮ੍ਰਿਤਕਾ ਦੇ ਪੁੱਤਰ ਅਜੀਤ ਸਿੰਘ ਵੱਲੋਂ ਆਪਣੇ ਮਾਂ-ਪਿਤਾ ਲਈ ਪਿੰਡ ਲਹਿਰਾ ਰੋਹੀ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਾਤਾ ਵੱਲੋਂ ਪਹਿਲਾਂ ਸੁਖਦੀਪ ਸਿੰਘ ’ਤੇ ਘਰ ਵਿਚੋਂ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਘਰੋਂ ਕੱਢ ਦਿੱਤਾ ਸੀ। ਇਸ ਲਈ ਮੁਲਜ਼ਮ ਨੇ ਆਪਣੀ ਬੇਇਜ਼ਤੀ ਦਾ ਬਦਲਾ ਲੈਂਦਿਆਂ ਰੰਜਿਸ਼ ਤਹਿਤ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ।