ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 28 ਅਕਤੂਬਰ
ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਦੇ ਦਫ਼ਤਰ ਵਿੱਚ ਦੋ ਕੌਂਸਲਰਾਂ ਦੇ ਰਿਸ਼ਤੇਦਾਰਾਂ ਵੱਲੋਂ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਕਾਰਜਸਾਧਕ ਅਧਿਕਾਰੀ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-1 ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਸ਼ਿਕਾਇਤ ’ਚ ਦਰਜ ਦੋ ਕੌਂਸਲਰਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਹਾਲੇ ਗੁਰੇਜ਼ ਕੀਤਾ ਹੋਇਆ ਹੈ। ਪੁਲਿਸ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਨਗਰ ਕੌਂਸਲਰ ਸਰੋਜ ਰਾਣੀ ਦੇ ਪੁੱਤਰ ਨੀਰਜ ਜਿੰਦਲ ਅਤੇ ਕੌਂਸਲਰ ਸਤਵੀਰ ਕੌਰ ਦੇ ਪੁੱਤਰ ਤੇਜਿੰਦਰ ਸਿੰਘ ਸੋਨੀ ਜਾਗਲ ਖ਼ਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੁੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਾਰਜਸਾਧਕ ਅਧਿਕਾਰੀ ਸੁਨੀਲ ਦੱਤ ਵਰਮਾ ਨੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਦਫ਼ਤਰ ’ਚ ਬੈਠੇ ਦਫ਼ਤਰੀ ਕੰਮ ਕਰ ਰਹੇ ਸਨ ਕਿ ਦੋ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਅਤੇ ਧਰਮਿੰਦਰ ਸਿੰਘ ਸੈਂਟੀ ਤੋਂ ਇਲਾਵਾ ਦੋ ਕੌਂਸਲਰਾਂ ਦੇ ਰਿਸ਼ਤੇਦਾਰ ਨੀਰਜ ਜਿੰਦਲ ਅਤੇ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਸਰਕਾਰੀ ਕੰਮ ’ਚ ਹੀ ਵਿਘਨ ਹੀ ਨਹੀਂ ਪਾਇਆ ਸਗੋਂ ਉਸ ਨਾਲ ਧੱਕਾ ਮੁੱਕੀ ਵੀ ਕੀਤੀ। ਜਦ ਕਿ ਦੋਵੇਂ ਕੌਂਸਲਰਾਂ ਅਤੇ ਕੌਂਸਲਰਾਂ ਦੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਾਰਜਸਾਧਕ ਅਧਿਕਾਰੀ ਨੇ ਉਨ੍ਹਾਂ ਦੀ ਦਫ਼ਤਰ ’ਚ ਬੇਇੱਜ਼ਤੀ ਕੀਤੀ ਅਤੇ ਮੰਦੀ ਭਾਸ਼ਾ ਦੀ ਵਰਤੋਂ ਕੀਤੀ। ਸਰਕਾਰੀ ਨਿਯਮਾਂ ਅਨੁਸਾਰ ਆਪਣੇ ਵਾਰਡ ਦੇ ਕਿਸੇ ਕੰਮ ਲਈ ਕੌਂਸਲਰ ਖੁਦ ਨਗਰ ਕੌਂਸਲ ਦੇ ਦਫ਼ਤਰ ਜਾ ਕੇ ਕਾਰਜਸਾਧਕ ਅਧਿਕਾਰੀ ਤੋਂ ਕੰਮ ਕਰਵਾ ਸਕਦਾ ਹੈ ਪਰ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਅੱਜ ਕੱਲ੍ਹ ਕਈ ਕੌਂਸਲਰਾਂ ਦੇ ਰਿਸ਼ਤੇਦਾਰ ਨਗਰ ਕੌਂਸਲ ਦੇ ਦਫ਼ਤਰ ’ਚ ਜਾ ਕੇ ਕੁਰਸੀਆਂ ’ਤੇ ਹੀ ਨਹੀਂ ਬੈਠਦੇ ਸਗੋਂ ਰੋਅਬ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਕੰਮ ਕਰਨ ਦਾ ਹੁਕਮ ਵੀ ਦਿੰਦੇ ਹਨ। ਇਸ ਸਬੰਧੀ ਜਦੋਂ ਕਾਰਜਸਾਧਕ ਅਧਿਕਾਰੀ ਸੁਨੀਲ ਦੱਤ ਵਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੌਂਸਲਰਾਂ ਵੱਲੋਂ ਉਸ ’ਤੇ ਲਗਾਏ ਦੋਸ਼ ਬੇਬੁਨਿਆਦ ਹਨ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੋ ਕੌਂਸਲਰਾਂ ਦੇ ਰਿਸ਼ੇਤਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।