ਸ਼ਗਨ ਕਟਾਰੀਆ
ਬਠਿੰਡਾ, 2 ਜੂਨ
ਪਿੰਡ ਜੈ ਸਿੰਘ ਵਾਲਾ ਦੇ ਰਸੂਖ਼ਵਾਨਾਂ ਨਾਲ ਸੀਰੀ ਰਲੇ ਕੁਲਦੀਪ ਸਿੰਘ ’ਤੇ ਹੋਏ ਕਥਿਤ ‘ਤਸ਼ੱਦਦ’ ਦਾ ਮਾਮਲਾ ਭਖ ਗਿਆ ਹੈ। ਸੰਘਰਸ਼ਸ਼ੀਲ ਜਥੇਬੰਦੀਆਂ ਪੀੜਤ ਦੇ ਹੱਕ ਵਿਚ ਆ ਗਈਆਂ ਹਨ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਦੇ ਮਾਪਿਆਂ ਸੁਖਦੇਵ ਸਿੰਘ, ਵੀਰਪਾਲ ਕੌਰ, ਮਹਿੰਗਾ ਸਿੰਘ, ਰਾਮ ਕੋਟਗੁਰੂ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਆਦਿ ਨੇ ਦੱਸਿਆ ਕਿ ਕੁਲਦੀਪ ਆਪਣੇ ਪਿੰਡ ਜੈ ਸਿੰਘ ਵਾਲਾ ਦੇ ਜ਼ਿਮੀਂਦਾਰਾਂ ਨਾਲ ਸੀਰੀ ਹੈ। ਉਨ੍ਹਾਂ ਨੇ ਬੰਦੇ 28 ਮਈ ਨੂੰ ਕਥਿਤ ਤੌਰ ’ਤੇ ਕੁਲਦੀਪ ਨੂੰ ਅਗਵਾ ਕਰਨ ਪਿੱਛੋਂ ਆਪਣੇ ਘਰ ਲੈ ਗਏ ਤੇ ਕੁੱਟਮਾਰ ਕੀਤੀ ਤੇ ਉਸ ਨੂੰ ਅਪਸ਼ਬਦ ਆਖੇ। ਬਾਅਦ ’ਚ ਉਸ ’ਤੇ ਚੋਰੀ ਦਾ ਦੋਸ਼ ਲਾ ਕੇ ਸੰਗਤ ਥਾਣੇ ਵਿਚ ਫੜਵਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੁਲਦੀਪ ’ਤੇ ਬਗ਼ੈਰ ਕੋਈ ਕੇਸ ਦਰਜ ਕੀਤਿਆਂ ਸੀਆਈਏ-2 ਬਠਿੰਡਾ ਦੀ ਪੁਲੀਸ ਨੇ ਉਸ ਨੂੰ ਘੋਟੇ ਅਤੇ ਕਰੰਟ ਲਾਇਆ। ਉਨ੍ਹਾਂ ਦੱਸਿਆ ਮਾਮਲਾ ਧਿਆਨ ’ਚ ਆਉਣ ’ਤੇ ਭਰਾਤਰੀ ਜਥੇਬੰਦੀਆਂ ਨੇ ਸੰਗਤ ਥਾਣੇ ਦਾ ਘਿਰਾਓ ਕਰ ਲਿਆ। 31 ਮਈ ਦੇਰ ਰਾਤ ਨੂੰ ਪੁਲੀਸ ਜਦੋਂ ਕੁਲਦੀਪ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਣ ਲੱਗੀ ਤਾਂ ਧਰਨਾਕਾਰੀਆਂ ਨੇ ਗੱਡੀ ਘੇਰ ਲਈ। ਐਤਵਾਰ ਰਾਤ ਨੂੰ ਹੀ ਕੁਲਦੀਪ ਦੇ ਬਿਆਨਾਂ ’ਤੇ ਜੈ ਸਿੰਘ ਵਾਲਾ ਪਿੰਡ ਦੇ ਹਮੀਰ ਸਿੰਘ, ਗੁਰਾਂਦਿੱਤਾ ਸਿੰਘ, ਬਲਦੇਵ ਸਿੰਘ ਅਤੇ ਹਰਜੀਤ ਸਿੰਘ ’ਤੇ ਕੇਸ ਦਰਜ ਕੀਤਾ ਗਿਆ।
ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਕੇਸ ਵਿਚ ਅਗਵਾ ਕਰਨ ਦੇ ਕਾਨੂੰਨ ਤੇ ਐਸਸੀ/ਐਸਟੀ ਐਕਟ ਦਾ ਵਾਧਾ ਕੀਤਾ ਜਾਵੇ।
ਮਾਮਲੇ ਦੀ ਪੜਤਾਲ ਜਾਰੀ ਹੈ: ਐੱਸਐੱਸਪੀ
ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਮਾਮਲੇ ਦੀ ਪੜਤਾਲ ਡੀਐਸਪੀ (ਦਿਹਾਤੀ) ਨੂੰ ਸੌਂਪ ਦਿੱਤੀ ਹੈ। ਰਿਪੋਰਟ ਆਉਣ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।