ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ
ਇਲਾਕੇ ਦੇ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਤੇ ਟਰਾਂਸਫਾਰਮਰ ਚੋਰੀ ਹੋਣ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ 10 ਦਿਨਾਂ ਦੇ ਅੰਦਰ ਪਿੰਡ ਲੱਖੇਵਾਲੀ, ਗੰਧੜ ਅਤੇ ਭਾਗਸਰ ਦੇ ਖੇਤਾਂ ’ਚੋਂ ਕਰੀਬ 30 ਮੋਟਰਾਂ ਚੋਰੀ ਹੋ ਚੁੱਕੀਆਂ ਹਨ।
ਕਿਸਾਨ ਸੁੱਖਪਾਲ ਸਿੰਘ, ਮਹਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚੋਂ ਰਾਤ ਵੇਲੇ ਅਣਪਛਾਤੇ ਵਿਅਕਤੀ ਟਰਾਂਸਫਾਰਮਰ ਚੋਰੀ ਕਰ ਕੇ ਲੈ ਗਿਆ। ਉੱਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਹਰਚਰਨ ਸਿੰਘ ਲੱਖੇਵਾਲੀ ਨੇ ਆਖਿਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਵਧ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪਿਛਲੇ ਇਕ ਮਹੀਨੇ ਅੰਦਰ ਲਗਪਗ 25 ਤੋਂ 30 ਮੋਟਰਾਂ ਅਤੇ ਮੋਟਰਾਂ ’ਤੇ ਲੱਗੇ ਟਰਾਂਸਫਾਰਮਰ ਖੇਤਾਂ ’ਚੋਂ ਚੋਰੀ ਹੋ ਚੁੱਕੇ ਹਨ। ਇਨ੍ਹਾਂ ਮੋਟਰਾਂ ਅਤੇ ਟਰਾਂਸਫਾਰਮਰਾਂ ਸਬੰਧੀ ਅੱਜ ਤੋਂ ਦਸ ਦਿਨ ਪਹਿਲਾਂ ਥਾਣਾ ਲੱਖੇਵਾਲੀ ਵਿੱਚ ਰਿਪੋਰਟ ਦੇਣ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਉਨ੍ਹਾਂ ਆਖਿਆ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਜਿੱਥੇ ਨਸ਼ਿਆਂ ਦੀ ਵਰਤੋਂ ਦਿਨੋਂ ਦਿਨ ਵਧ ਰਹੀ ਹੈ ਉੱਥੇ ਨਾਲ ਹੀ ਇਹ ਨਸ਼ੇੜੀ ਆਪਣੇ ਨਸ਼ੇੜੀਆਂ ਵੱਲੋਂ ਕੀਤੀਆਂ ਜਾਂਦੀਆਂ ਚੋਰੀਆਂ ਵੀ ਵਧਣ ਲੱਗੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਅਤੇ ਟਰਾਂਸਫਾਰਮਰਾਂ ਦੀਆਂ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਈ ਜਾਵੇ ਅਤੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਬਾਰੇ ਗੱਲ ਕਰਨ ’ਤੇ ਐੱਸਐੱਚਓ ਲੱਖੇਵਾਲੀ ਜਸਪ੍ਰੀਤ ਕੌਰ ਨੇ ਕਿਹਾ ਕਿ ਪੁਲੀਸ ਕੋਲ ਮੋਟਰ ਚੋਰੀ ਦੀ ਜੋ ਵੀ ਸ਼ਿਕਾਇਤ ਆਉਂਦੀ ਹੈ ਉਹ ਅਣਪਛਾਤੇ ਚੋਰਾਂ ਦੀ ਹੁੰਦੀ ਹੈ ਇਸ ਲਈ ਚੋਰਾਂ ਦੀ ਭਾਲ ਕਰਨੀ ਪੈਂਦੀ ਹੈ, ਜਿਸ ਵਿੱਚ ਸਮਾਂ ਲੱਗਦਾ ਹੈ| ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਮੋਟਰਾਂ ਚੋਰੀ ਹੋਣ ਸਬੰਧੀ ਦੋ ਕੇਸ ਦਰਜ ਕੀਤੇ ਗਏ ਸਨ ਜਦਕਿ ਬਾਕੀਆਂ ਦੀ ਪੜਤਾਲ ਜਾਰੀ ਹੈ।