ਸੰਜੀਵ ਹਾਂਡਾ
ਫ਼ਿਰੋਜ਼ਪੁਰ, 21 ਨਵੰਬਰ
ਇੱਥੋਂ ਦੀ ਕੇਂਦਰੀ ਜੇਲ੍ਹ ਅੰਦਰ ਕਿਸੇ ਅਣਪਛਾਤੇ ਵੱਲੋਂ ਸੁੱਟੇ ਗਏ ਪੈਕੇਟਾਂ ਵਿੱਚੋਂ ਜੇਲ੍ਹ ਅਧਿਕਾਰੀਆਂ ਨੇ 21 ਮੋਬਾਈਲ ਫੋਨ, 6 ਚਾਰਜਰ, ਅੱਠ ਹੈੱਡਫੋਨ ਅਤੇ ਦੋ ਕੇਬਲਾਂ ਬਰਾਮਦ ਕੀਤੀਆਂ ਹਨ। ਮੋਬਾਈਲ ਫੋਨਾਂ ਦੀ ਇੰਨੀ ਵੱਡੀ ਖੇਪ ਪਹਿਲੀ ਵਾਰ ਬਰਾਮਦ ਹੋਈ ਹੈ, ਹਾਲਾਂਕਿ ਇੱਥੇ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਨਾਮ ਸਿੰਘ ਨੇ ਪੁਲੀਸ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਕਿ ਕੱਲ੍ਹ ਜਦੋਂ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਜੇਲ੍ਹ ਦੇ ਦੌਰੇ ’ਤੇ ਨਿਕਲੇ ਤਾਂ ਫਾਂਸੀ ਵਾਲੇ ਅਹਾਤੇ ਕੋਲੋਂ ਇੱਕ ਪੈਕੇਟ ਮਿਲਿਆ ਜਿਸ ਵਿੱਚੋਂ ਚਾਰ ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ ਹੋਇਆ। ਇਸ ਮਗਰੋਂ ਸਾਰੀ ਜੇਲ੍ਹ ਦੀ ਤਲਾਸ਼ੀ ਲਈ ਗਈ ਤਾਂ ਵਾਰਡ ਨੰਬਰ ਤਿੰਨ ਦੇ ਬਾਹਰੋਂ ਵੀ ਇੱਕ ਪੈਕੇਟ ਮਿਲਿਆ ਜਿਸ ਵਿੱਚੋਂ ਸਤਾਰਾਂ ਮੋਬਾਈਲ ਫੋਨ ਤੇ ਬਾਕੀ ਸਮੱਗਰੀ ਬਰਾਮਦ ਹੋਈ।
ਇਸ ਸਬੰਧੀ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਪੁਲੀਸ ਨੇ ਜੇਲ੍ਹ ਅੰਦਰ ਮੋਬਾਈਲ ਫੋਨ ਤੇ ਹੋਰ ਸਮੱਗਰੀ ਪਹੁੰਚਾਉਣ ਦੇ ਜੁਰਮ ਹੇਠ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੀ ਪਛਾਣ ਸੰਦੀਪ ਕੁਮਾਰ ਉਰਫ਼ ਸੁੱਬੀ ਵਾਸੀ ਘੁਮਿਆਰ ਮੰਡੀ ਫ਼ਿਰੋਜ਼ਪੁਰ ਛਾਉਣੀ ਅਤੇ ਰਜੀਵ ਕੁਮਾਰ ਵਾਸੀ ਅਫ਼ਸਰ ਕਲੋਨੀ ਵਜੋਂ ਕੀਤੀ ਗਈ ਹੈ। ਮੁਲਜ਼ਮ ਰਜੀਵ ਕੁਮਾਰ ਜੇਲ੍ਹ ਵਿਭਾਗ ਵਿਚ ਸਫ਼ਾਈ ਕਰਮਚਾਰੀ ਹੈ। ਪੁਲੀਸ ਅਧਿਕਾਰੀਆਂ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਇਨ੍ਹਾਂ ਮੁਲਜ਼ਮਾਂ ਦਾ ਪਤਾ ਲਾਇਆ ਅਤੇ ਕਾਬੂ ਕੀਤਾ। ਥਾਣਾ ਸਿਟੀ ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਪਾਸੋਂ ਪੜਤਾਲ ਕੀਤੀ ਜਾ ਰਹੀ ਹੈ।