ਅੱਜ ਰੱਖਿਆ ਜਾਣਾ ਸੀ ਨੀਂਹ ਪੱਥਰ; ਸਮਾਗਮ ਅਣਮਿੱਥੇ ਸਮੇਂ ਲਈ ਅੱਗੇ ਪਾਇਆ: ਡੀਸੀ
ਪੱਤਰ ਪ੍ਰੇਰਕ
ਹੰਡਿਆਇਆ, 19 ਸਤੰਬਰ
ਹੰਡਿਆਇਆ ਨੇੜੇ ਬਣਨ ਵਾਲੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਜਿਸ ਦਾ 20 ਸਤੰਬਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੀਂਹ ਪੱਥਰ ਰੱਖੇ ਜਾਣ ਦਾ ਪ੍ਰੋਗਰਾਮ ਸੀ, ਦੇ ਭਵਿੱਖ ’ਤੇ ਕੈਪਟਨ ਦੇ ਅਸਤੀਫ਼ੇ ਪਿੱਛੋਂ ਅਨਿਸਚਿਤਤਾ ਦੀ ਤਲਵਾਰ ਲਟਕ ਗਈ ਹੈ। ਇਸ ਇਲਾਕੇ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਲਈ ਆਸਵੰਦ ਹੋਏ ਸਥਾਨਕ ਲੋਕਾਂ ਦੀਆਂ ਸੱਧਰਾਂ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸੁਪਨਮਈ ਪ੍ਰਾਜੈਕਟ ਦਾ ਆਰੰਭ ਕਰਨ ਲਈ ਕੈਪਟਨ ਦੇ ਅਸਤੀਫੇ ਤੋਂ ਇੱਕ ਦਿਨ ਪਹਿਲਾਂ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਬੰਧਿਤ ਜਗ੍ਹਾ ਦਾ ਦੌਰਾ ਕਰਕੇ ਗਏ ਸਨ। ਜਾਣਕਾਰੀ ਮੁਤਾਬਿਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਨੀਂਹ ਪੱਥਰ ਸਮਾਗਮ ਦੀਆਂ ਪੂਰੀਆਂ ਤਿਆਰੀਆਂ ਵਿੱਢ ਦਿੱਤੀਆਂ ਸਨ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਦੀ ਖ਼ਬਰ ਨਸ਼ਰ ਹੁੰਦਿਆਂ ਹੀ ਤਿਆਰ ਹੋ ਰਿਹਾ ਨੀਂਹ ਪੱਥਰ ਵੀ ਅਧੂਰਾ ਹੀ ਛੱਡ ਦਿੱਤਾ ਗਿਆ ਹੈ। ਜਿਸ ਨਾਲ ਜ਼ਿਲ੍ਹਾ ਬਰਨਾਲਾ ਵਾਸੀਆਂ ਅਤੇ ਕਾਂਗਰਸ ਪਾਰਟੀ ਦੇ ਚਾਅ ਧਰੇ ਧਰਾਏ ਰਹਿ ਗਏ। ਜ਼ਿਕਰਯੋਗ ਹੈ ਕਿਇਸ ਹਸਪਤਾਲ ਦਾ ਕੰਮ ਸ਼ੁਰੂ ਹੋਣ ਨਾਲ ਜਿੱਥੇ ਕੇਵਲ ਸਿੰਘ ਢਿੱਲੋਂ ਨੂੰ ਸਿਆਸੀ ਲਾਭ ਮਿਲਣਾ ਹੈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਨੁਸਾਰ ਨੀਂਹ ਪੱਥਰ ਸਮਾਮਗਰ ਫਿਲਹਾਲ ਮੁਲਤਵੀ ਕਰਕੇ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ।