ਪੱਤਰ ਪ੍ਰੇਰਕ
ਮਾਨਸਾ, 15 ਸਤੰਬਰ
ਮਾਨਸਾ ’ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਇਸ ਨੌਜਵਾਨ ਨੂੰ ਜ਼ਿਆਦਾ ਨਸ਼ਾ ਦੇਣ ਦੇ ਦੋਸ਼ ਹੇਠ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਚੌਕੀ ਨਰਿੰਦਰਪੁਰਾ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਗੁਰਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਗੁਰਮੇਲ ਸਿੰਘ ਬੁੱਧਵਾਰ ਸਵੇਰੇ ਘਰੋਂ ਨਿਕਲਿਆ ਸੀ ਜਿਸ ਦੀ ਲਾਸ਼ ਅੱਜ ਉਸ ਦੇ ਘਰ ਨੇੜੇ ਖੇਤਾਂ ਵਿੱਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਨਸ਼ਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।