ਪੱਤਰ ਪ੍ਰੇਰਕ
ਦਸੂਹਾ, 30 ਅਗਸਤ
ਇਥੇ ਪੰਚਾਇਤ ਸਮਿਤੀ ਸਟੇਡੀਅਮ ਵਿੱਚ ਕਰਵਾਈਆਂ ਜ਼ੋਨਲ ਪੱਧਰੀ ਖੇਡਾਂ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋ ਗਈਆਂ। ਆਖਰੀ ਦਿਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਬਤੌਰ ਮੁੱਖ ਮਹਿਮਾਨ ਪੁੱਜੇ । ਵਾਲੀਵਾਲ ਤੇ ਕਬੱਡੀ ਵਿੱਚ ਜੀਟੀਬੀ ਖਾਲਸਾ ਸਕੂਲ ਦੀ ਝੰਡੀ ਰਹੀ। ਜ਼ੋਨਲ ਖੇਡਾਂ ਦੇ ਪ੍ਰਬੰਧਕ ਪ੍ਰਿੰਸੀਪਲ ਗੁਰਦਿਆਲ ਸਿੰਘ, ਸਕੱਤਰ ਲੈਕਚਰਾਰ ਬਲਬੀਰ ਸਿੰਘ ਅਤੇ ਸਪੋਰਟਸ ਡੀਐੱਮ ਦਲਜੀਤ ਸਿੰਘ ਨੇ ਦੱਸਿਆ ਕਿ ਬੈਡਮਿੰਟਨ ਅੰਡਰ-14 (ਲੜਕੇ) ਦੇ ਮੁਕਾਬਲਿਆਂ ਵਿੱਚ ਕੈਂਬਰਿਜ ਸਕੂਲ, ਸਰਕਾਰੀ ਸਕੂਲ ਸੱਗਰਾਂ ਅਤੇ ਝਿੰਗੜਕਲਾਂ ਸਕੂਲ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ। ਬੈਡਮਿੰਟਨ (ਅੰਡਰ-17) ਵਿੱਚ ਕੈਂਬਰਿਜ ਸਕੂਲ, ਸੱਗਰਾਂ ਸਕੂਲ ਤੇ ਬਿੱਸੋਚੱਕ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਕਬੱਡੀ (ਅੰਡਰ-19, ਲੜਕੇ) ਤੇ ਵਾਲੀਵਾਲ ਦੇ ਮੁਕਾਬਲਿਆਂ ਵਿੱਚ ਜੀਟੀਬੀ ਖਾਲਸਾ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਲੱਸਟਰ ਪਸਨਾਵਾਲ ਦੀਆਂ ਖੇਡਾਂ ਸਮਾਪਤ
ਧਾਰੀਵਾਲ (ਪੱਤਰ ਪ੍ਰੇਰਕ): ਸੈਂਟਰ ਪਸਨਾਵਾਲ ਅਧੀਨ ਆਉਂਦੇ ਅੱਠ ਪ੍ਰਾਇਮਰੀ ਸਕੂਲਾਂ ਦੇ ਕਲੱਸਟਰ ਪੱਧਰੀ ਦੋ ਰੋਜ਼ਾ ਖੇਡ ਮੁਕਾਬਲੇ ਸੈਂਟਰ ਮੁਖੀ (ਸੀਐੱਚਟੀ) ਅਸ਼ਵਨੀ ਫੱਜੂਪੁਰ ਦੀ ਅਗਵਾਈ ਹੇਠ ਹੋਏ। ਕੁਸ਼ਤੀ ’ਚੋਂ ਅਸ਼ੀਸ਼ (ਬੱਖਤਪੁਰ ਸਕੂਲ) ਪਹਿਲੇ ਤੇ ਚਮਕੌਰ ਸਿੰਘ (ਪਸਨਾਵਾਲ) ਦੂਜੇ, ਦੌੜਾਂ (ਮੁੰਡੇ) (100 ਮੀਟਰ) ’ਚ ਕਰਨ (ਬੱਖਤਪੁਰ ਸਕੂਲ) ਪਹਿਲੇ ਤੇ ਹੈਰੀ ਮਸੀਹ ਪਸਨਾਵਾਲ ਦੂਜੇ, 200 ਮੀਟਰ ’ਚ ਸਮਾਇਲ ਮਸੀਹ (ਪਸਨਾਵਾਲ) ਪਹਿਲੇ ਤੇ ਅਸ਼ੀਸ਼ (ਬੱਖਤਪੁਰ) ਦੂਜੇ, 400 ਮੀਟਰ ’ਚ ਹੈਰੀ ਮਸੀਹ (ਪਸਨਾਵਾਲ) ਪਹਿਲੇ ਅਤੇ ਦੀਪ ਗੋਲੀ (ਭਿਖਾਰੀ ਹਾਰਨੀ) ਦੂਜੇ, ਕੁੜੀਆਂ ਦੀ 100 ਮੀਟਰ ਦੌੜ ’ਚ ਲਵਪ੍ਰੀਤ ਕੌਰ (ਭਰੋ ਹਾਰਨੀ) ਪਹਿਲੇ ਤੇ ਧਾਰੀਵਾਲ ਕਲਾਂ ਸਕੂਲ ਦੀ ਨਵਨੀਤ ਕੌਰ ਦੂਜੇ, ਲੰਬੀ ਛਾਲ (ਮੁੰਡੇ) ’ਚ ਸਮਾਇਲ ਮਸੀਹ (ਪਸਨਾਵਾਲ) ਪਹਿਲੇ ਤੇ ਅਭੀਜੋਤ ਸਿੰਘ (ਦੁਲੂਆਣਾ) ਦੂਜੇ ਸਥਾਨ ’ਤੇ ਰਹੇ।