ਐੱਨ.ਪੀ.ਧਵਨ
ਪਠਾਨਕੋਟ, 15 ਮਈ
ਨੀਮ ਪਹਾੜੀ ਖੇਤਰ ਧਾਰਕਲਾਂ ਵਿੱਚ ਬਣੇ ਰਣਜੀਤ ਸਾਗਰ ਡੈਮ ਦੇ ਚਮਰੋੜ ਪੱਤਣ ਕੋਲ ਹਰਦੋਸ਼ਰਨ ਵਿੱਚ ਝੀਲ ਵਿੱਚ ਨਹਾ ਰਹੇ 4 ਵਿਅਕਤੀਆਂ ਵਿੱਚੋਂ ਇੱਕ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਰਪ੍ਰੀਤ ਸਿੰਘ (35) ਪੁੱਤਰ ਲਖਵਿੰਦਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਚਾਰੇ ਜਣੇ ਚਮਰੋੜ ਵਿੱਚ ਘੁੰਮਣ ਆਏ ਹੋਏ ਸਨ।
ਇਸੇ ਦੌਰਾਨ ਇਹ ਚਾਰੇ ਵਿਅਕਤੀ ਝੀਲ ਵਿੱਚ ਨਹਾਉਣ ਲੱਗ ਪਏ। ਇਸੇ ਦੌਰਾਨ ਗੁਰਪ੍ਰੀਤ ਸਿੰਘ ਪਾਣੀ ਤੋਂ ਬਾਹਰ ਨਾ ਨਿਕਲਿਆ। ਇਸ ਦੇ ਬਾਅਦ ਉਸ ਦੇ ਤਿੰਨਾਂ ਸਾਥੀਆਂ ਨੇ ਉਸ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਨਾ ਲੱਭਿਆ।
ਬਾਅਦ ਵਿੱਚ ਉਨ੍ਹਾਂ ਨੇ ਧਾਰਕਲਾਂ ਪੁਲੀਸ ਨਾਲ ਸੰਪਰਕ ਕੀਤਾ ਜਿਸ ਤੇ ਪੁਲੀਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਮ੍ਰਿਤਕ ਦੇਹ ਨੂੰ ਪਾਣੀ ਵਿੱਚੋਂ ਲੱਭ ਕੇ ਬਾਹਰ ਕੱਢਿਆ।
ਧਾਰਕਲਾਂ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।