ਪੱਤਰ ਪ੍ਰੇਰਕ
ਤਰਨ ਤਰਨ, 26 ਸਤੰਬਰ
ਭਾਰਤ ਗਿਆਨ ਵਿਗਿਆਨ ਸੰਮਤੀ ਪੰਜਾਬ ਅਤੇ ਚੰਡੀਗੜ੍ਹ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਪਿੰਡ ਕੱਲਾ ਵਿੱਚ ‘ਸਿਹਤਮੰਦ ਸਮਾਜ ਦੀ ਸਿਰਜਣਾ ਲਈ ਭਾਈਚਾਰਕ ਸਾਂਝ ਦੀ ਲੋੜ’ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ| ਵਰਕਸ਼ਾਪ ਨੂੰ ਸਮਿਤੀ ਦੇ ਸੂਬਾ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਸੰਚਾਲਕ ਡਾ. ਇੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਜਗਵਿੰਦਰ ਸਿੰਘ ਲਹਿਰੀ, ਅੰਮ੍ਰਿਤਸਰ ਡਾਇਓਸੀਸ ਦੇ ਪ੍ਰਾਪਰਟੀ ਮੈਨੇਜਰ ਡੈਨੀਅਲ ਬੀ ਦਾਸ, ਪਾਦਰੀ ਸੈਮੂਅਲ ਮੱਟੂ, ਪ੍ਰਿੰਸੀਪਲ ਪਰਮਿੰਦਰ ਸਿੰਘ, ਮਾਸਟਰ ਬਲਦੇਵ ਸਿੰਘ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਇੰਦਰਜੀਤ ਕੌਰ ਨੇ ਸੰਤਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਤੇ ਚਲਦੇ ਹੋਏ ਸਰਬੱਤ ਦੇ ਭਲੇ ਲਈ ਕਾਰਜ ਕਰਨ ’ਤੇ ਜ਼ੋਰ ਦਿੱਤਾ। ਡਾ. ਸਿਆਮ ਸੁੰਦਰ ਦੀਪਤੀ ਨੇ ਇਕਹਿਰੇ ਪਰਿਵਾਰਾਂ ਅਤੇ ਪਦਾਰਥਵਾਦ ਦੀ ਤਰਜੀਹ ਨੂੰ ਭਾਈਚਾਰਕ ਸਾਂਝ ਦੇ ਟੁੱਟਣ ਦਾ ਕਾਰਨ ਦੱਸਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਲਹਿਰੀ ਨੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਬਲ ਦਿੱਤਾ। ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਂ ਵਿੱਚ ਬੂਟੇ ਵੀ ਲਗਾਏ।