ਪੱਤਰ ਪ੍ਰੇਰਕ
ਤਰਨ ਤਾਰਨ, 10 ਅਕਤੂਬਰ
ਇਲਾਕੇ ਦੇ ਪਿੰਡ ਢੋਟੀਆਂ ਵਿੱਚ ਸੀਪੀਆਈ ਵਲੋਂ ਇਕ ਇਕੱਠ ਕਰਕੇ ਰਸੋਈ ਗੈਸ ਦੀਆਂ ਨਿਤ ਦਿਨ ਵਧਾਈਆਂ ਜਾ ਰਹੀਆਂ ਕੀਮਤਾਂ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ| ਵਿਖਾਵੇ ਵਿੱਚ ਪਾਰਟੀ ਦੀਆਂ ਮਹਿਲਾ ਵਰਕਰਾਂ ਰਸੋਈ ਗੈਸ ਦੇ ਖਾਲੀ ਸਿਲੰਡਰਾਂ ਸਮੇਤ ਸ਼ਾਮਲ ਹੋਈਆਂ| ਕਾਮਰੇਡ ਬੂਟਾ ਸਿੰਘ ਦੀ ਅਗਵਾਈ ਵਿੱਚ ਕੀਤੇ ਇਕੱਠ ਨੂੰ ਪਾਰਟੀ ਦੇ ਬਲਾਕ ਨੌਸ਼ਹਿਰਾ ਪੰਨੂਆਂ ਦੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਰਸੋਈ ਗੈਸ, ਪੈਟਰੋਲੀਅਮ ਪਦਾਰਥਾਂ ਅਤ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਬੇਹਿਸਾਬ ਵਾਧਾ ਕਰਨ ਦੀ ਨਿਖੇਧੀ ਕੀਤੀ| ਉਨ੍ਹਾਂ ਕਿਹਾ ਕਿ ਇਨ੍ਹਾਂ ਨਿਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਬੇਹਿਸਾਬ ਵਾਧੇ ਨੇ ਆਮ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ| ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨਾਲ ਗਰੀਬ ਵਰਗਾਂ ਦੇ ਘਰਾਂ ਵਿੱਚ ਫਿਰ ਤੋਂ ਲੱਕੜਾਂ ਨਾਲ ਅੱਗ ਬਾਲਣ ਲਈ ਸੜਕਾਂ ਦੇ ਕਿਨਾਰਿਆਂ ਤੋਂ ਬਾਲਣ ਇਕੱਠਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ| ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਸ਼ਮੀਰ ਕੌਰ, ਹਰਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਬਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ|