ਪੱਤਰ ਪ੍ਰੇਰਕ
ਪਠਾਨਕੋਟ, 3 ਮਈ
ਇੱਕ ਮੋਟਰਸਾਈਕਲ ’ਤੇ ਆਪਣੇ ਪੁੱਤਰ ਨਾਲ ਜਾ ਰਹੀ ਇੱਕ ਔਰਤ ਦੀ ਕੁਚਲ ਜਾਣ ਨਾਲ ਮੌਤ ਹੋ ਜਾਣ ’ਤੇ ਥਾਣਾ ਤਾਰਾਗੜ੍ਹ ਦੀ ਪੁਲੀਸ ਨੇ ਇੱਕ ਕਾਰ ਚਾਲਕ ਅਤੇ ਕੰਬਾਈਨ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੀ ਪਹਿਚਾਣ ਨਰੇਸ਼ ਕੁਮਾਰੀ ਪਤਨੀ ਤਿਲਕ ਰਾਜ ਵਾਸੀ ਇਸਲਾਮਾਬਾਦ (ਗੁਰਦਾਸਪੁਰ) ਵਜੋਂ ਹੋਈ ਹੈ।
ਮੁਲਜ਼ਮਾਂ ਵਿੱਚ ਕਾਰ ਚਾਲਕ ਅਸ਼ੋਕ ਕੁਮਾਰ ਅਤੇ ਅਣਪਛਾਤਾ ਕੰਬਾਈਨ ਚਾਲਕ ਸ਼ਾਮਲ ਹਨ। ਮ੍ਰਿਤਕਾ ਦੇ ਪੁੱਤਰ ਸੂਰਜ ਪ੍ਰਕਾਸ਼ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਮਾਤਾ ਨਰੇਸ਼ ਕੁਮਾਰੀ ਨਾਲ ਆਪਣੇ ਘਰ ਇਸਲਾਮਾਬਾਦ ਤੋਂ ਤਾਰਾਗੜ੍ਹ ਕਿਸੇ ਜ਼ਰੂਰੀ ਕੰਮ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਜਦ ਉਹ ਤਾਰਾਗੜ੍ਹ ਵਿੱਚ ਸੁਆਂ ਪੁਲ ਤੋਂ 1-2 ਕਿਲੋਮੀਟਰ ਪਿੱਛੇ ਸੀ ਤਾਂ ਇੱਕ ਕਾਰ ਜਿਸ ਨੂੰ ਅਸ਼ੋਕ ਕੁਮਾਰ ਵਾਸੀ ਨੰਗਲ ਫਰੀਦਾ ਚਲਾ ਰਿਹਾ ਸੀ, ਨੇ ਅਚਾਨਕ ਕਾਰ ਅੱਗੇ ਰੋਕ ਕੇ ਬਾਰੀ ਖੋਲ੍ਹ ਦਿੱਤੀ ਜਿਸ ਕਾਰਨ ਮੋਟਰਸਾਈਕਲ ਕਾਰ ਦੀ ਬਾਰੀ ਵਿੱਚ ਵੱਜਿਆ ਅਤੇ ਉਹ ਸੜਕ ਕਿਨਾਰੇ ਡਿੱਗ ਗਏ।
ਇਸੇ ਦੌਰਾਨ ਤਾਰਾਗੜ੍ਹ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕੰਬਾਈਨ ਦਾ ਅਗਲਾ ਟਾਇਰ ਉਸ ਦੀ ਮਾਤਾ ਦੇ ਸਿਰ ਉਪਰੋਂ ਲੰਘ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਏਐਸਆਈ ਸਵਰਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ
ਤਰਨ ਤਾਰਨ: ਇੱਥੇ ਤਰਨ ਤਾਰਨ-ਸ਼ਾਹਬਾਜ਼ਪੁਰ ਸੜਕ ’ਤੇ ਡਾਲੇਕੇ ਮੋੜ ’ਤੇ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਝਬਾਲ ਵਾਸੀ ਸਤਨਾਮ ਸਿੰਘ (47) ਦੀ ਮੌਤ ਹੋ ਗਈ| ਸਤਨਾਮ ਸਿੰਘ ਝਬਾਲ ਤੋਂ ਜੀਓਬਾਲਾ ਹੁੰਦਾ ਹੋਇਆ ਆਪਣੇ ਮੋਟਰਸਾਈਕਲ ’ਤੇ ਇੱਥੇ ਆ ਰਿਹਾ ਸੀ ਕਿ ਡਾਲੇਕੇ ਮੋੜ ’ਤੇ ਸਾਹਮਣਿਓਂ ਆਏ ਮੋਟਰਸਾਈਕਲ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ| ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ| ਥਾਣਾ ਸਦਰ ਦੀ ਪੁਲੀਸ ਨੇ ਹਾਦਸੇ ਲਈ ਜ਼ਿੰਮੇਵਾਰ ਪ੍ਰਤਾਪ ਸਿੰਘ ਵਾਸੀ ਡਿਆਲ ਰਾਜਪੂਤਾਂ ਖਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ| -ਪੱਤਰ ਪ੍ਰੇਰਕ