ਪੱਤਰ ਪ੍ਰੇਰਕ
ਪਠਾਨਕੋਟ, 8 ਮਈ
ਮਾਰਕੀਟ ਕਮੇਟੀ ਦੇ ਅਧਿਕਾਰੀ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਸਸਤੇ ਭਾਅ ਸਮੱਗਲ ਕਰ ਕੇ ਟਰੱਕ ਵਿੱਚ ਲਿਆਂਦੀਆਂ ਗਈਆਂ 500 ਬੋਰੀਆਂ (360 ਕੁਇੰਟਲ) ਕਣਕ ਨੂੰ ਪੁਲੀਸ ਦੀ ਸਹਾਇਤਾ ਨਾਲ ਕਬਜ਼ੇ ਵਿੱਚ ਲਿਆ ਗਿਆ। ਸੁਜਾਨਪੁਰ ਪੁਲੀਸ ਨੇ ਟਰੱਕ ਡਰਾਈਵਰ ਅਤੇ 2 ਫਰਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮਾਰਕੀਟ ਕਮੇਟੀ ਪਠਾਨਕੋਟ ਦੇ ਸਕੱਤਰ ਬਨਾਰਸੀ ਦਾਸ ਨੇ ਸੁਜਾਨਪੁਰ ਪੁਲੀਸ ਕੋਲ ਇੱਕ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ’ਤੇ ਪਤਾ ਲੱਗਾ ਕਿ ਮੈਸਰਜ਼ ਬ੍ਰਿਜ ਲਾਲ ਐਂਡ ਸੰਨਜ਼ ਦੀ ਫਰਮ ਜੋ ਕਿ ਗੱਲਾ ਮੰਡੀ ਪਠਾਨਕੋਟ ਵਿੱਚ ਸਥਿਤ ਹੈ, ਮਾਰਕੀਟ ਕਮੇਟੀ ਪਠਾਨਕੋਟ ਕੋਲੋਂ ਲਾਈਸੈਂਸੀ ਨਹੀਂ ਹੈ। ਇਸ ਵੱਲੋਂ ਜੰਮੂ-ਕਸ਼ਮੀਰ ਤੋਂ ਕਣਕ ਮੰਗਵਾਈ ਗਈ ਹੈ, ਜੋ ਸਸਤੇ ਰੇਟ ’ਤੇ ਮੰਗਵਾ ਕੇ ਪੰਜਾਬ ਵਿੱਚ ਐਮਐਸਪੀ ਰੇਟ ’ਤੇ ਵੇਚੀ ਜਾਵੇਗੀ। ਇਹ ਕਣਕ 14 ਟਾਇਰੀ ਟਰੱਕ ਰਾਹੀਂ ਨਾਕਾ ਮਾਧੋਪੁਰ ਪੁਲੀਸ ਪਾਰਟੀ ਦੀ ਮਦਦ ਨਾਲ ਫੜੀ ਗਈ ਹੈ। ਇਹ ਕਣਕ ਮੈਸਰਜ਼ ਬੀਐਸ ਰਾਈਸ ਮਿਲਜ਼ ਪਿੰਡ ਮਲਕਨੰਗਲ ਮਹਿਤਾ ਚੌਕ ਅੰਮ੍ਰਿਤਸਰ ਪੰਜਾਬ ਦੇ ਐਡਰੈਸ ਭੇਜੀ ਜਾਣੀ ਸੀ। ਟਰੱਕ ਡਰਾਈਵਰ ਦਾ ਨਾਂ ਸ਼ੰਕਰ ਦਾਸ ਵਾਸੀ ਢਲਵਾਸ ਚੰਦਰਕੋਟ ਰਾਮਬਾਨ ਜੰਮੂ-ਕਸ਼ਮੀਰ ਹੈ। ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਬਨਾਰਸੀ ਦਾਸ ਦੀ ਸ਼ਿਕਾਇਤ ’ਤੇ ਟਰੱਕ ਚਲਾ ਰਹੇ ਵਿਅਕਤੀ ਸ਼ੰਕਰ ਦਾਸ, ਮੈਸਰਜ਼ ਬੀਐਸ ਰਾਈਸ ਮਿੱਲ ਵਾਸੀ ਮਲਕਨੰਗਲ ਮਹਿਤਾ ਚੌਂਕ ਅੰਮ੍ਰਿਤਸਰ ਅਤੇ ਮੈਸਰਜ਼ ਬ੍ਰਿਜ ਲਾਲ ਐਂਡ ਸੰਨਜ਼ ਮਾਰਕੀਟ ਕਮੇਟੀ ਪਠਾਨਕੋਟ ਖਿਲਾਫ਼ ਕੇਸ ਦਰਜ ਕਰਕੇ ਡਰਾਈਵਰ ਸ਼ੰਕਰ ਦਾਸ ਨੂੰ ਕਾਬੂ ਕਰ ਕੇ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਜਿੱਥੇ ਉਸ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਗਿਆ ਹੈ।