ਦਲਬੀਰ ਸੱਖੋਵਾਲੀਆ
ਬਟਾਲਾ, 12 ਮਾਰਚ
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇੱਥੇ ਦੱਸਿਆ ਕਿ ਸੂਬਾ ਸਰਕਾਰ ਪੰਜਾਬੀ ਭਾਸ਼ਾ ਅਤੇ ਰਾਜ ਦੇ ਵਿਰਸੇ ਅਤੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਇਸ ਦੀ ਮਿਸਾਲ ਹਾਲ ਹੀ ਵਿੱਚ ਰਾਜ ਸਰਕਾਰ ਦੁਆਰਾ ਬਜਟ ਵਿੱਚ ਪੰਜਾਬੀ ਸਾਹਿਤ ਰਤਨ ਪੁੁਰਸਕਾਰ ਦੀ ਰਕਮ ਨੂੰ 10 ਲੱਖ ਰੁੁਪਏ ਤੋਂ 20 ਲੱਖ ਅਤੇ ਵੱਖ-ਵੱਖ ਭਾਸ਼ਾਵਾਂ ਦੇ ਲੇਖਕਾਂ, ਕਵੀਆਂ, ਸੰਗੀਤਕਾਰਾਂ, ਪੱਤਰਕਾਰਾਂ ਆਦਿ ਨੂੰ ਦਿੱਤੇ ਜਾਂਦੇ ਸ਼੍ਰੋਮਣੀ ਪੁੁਰਸਕਾਰ ਦੀ ਰਕਮ ਨੂੰ 5 ਲੱਖ ਤੋਂ 10 ਲੱਖ ਰੁੁਪਏ ਕਰ ਕੇ ਦੁੁੱਗਣਾ ਕਰਨ ਦਾ ਫ਼ੈਸਲਾ ਲੈਣਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਪੰਜਾਬੀ ਸਭਿਆਚਾਰ, ਇਤਿਹਾਸ ਅਤੇ ਵਿਰਸੇ ਨਾਲ ਸਬੰਧਤ ਪੰਜਾਬੀ, ਉਰਦੂ, ਹਿੰਦੀ, ਸੰਸਕ੍ਰਿਤ ਭਾਸ਼ਾਵਾਂ ਵਿਚ 22 ਸਰਵੋਤਮ ਸਾਹਿਤਕ ਪੁੁਸਤਕ ਪੁੁਰਸਕਾਰ ਵੀ ਦਿੰਦੀ ਹੈ ਅਤੇ ਸਰਕਾਰ ਨੇ ਸਰਵੋਤਮ ਸਾਹਿਤਕ ਪੁੁਸਤਕ ਪੁੁਰਸਕਾਰ ਦੀ ਇਨਾਮੀ ਰਕਮ ਨੂੰ 21 ਹਜ਼ਾਰ ਰੁੁਪਏ ਤੋਂ ਵਧਾ ਕੇ 31 ਹਜ਼ਾਰ ਰੁੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਸਰਵੋਤਮ ਛਪਾਈ ਪੁੁਸਤਕ ਪੁੁਰਸਕਾਰ ਪ੍ਰਕਾਸ਼ਕਾਂ/ਛਾਪਕਾਂ ਨੂੰ ਵੀ ਪ੍ਰਦਾਨ ਕਰਦਾ ਹੈ ਅਤੇ ਇਸ ਪੁੁਰਸਕਾਰ ਰਕਮ ਨੂੰ 11 ਹਜ਼ਾਰ ਰੁੁਪਏ ਤੋਂ ਵਧਾ ਕੇ 21 ਹਜ਼ਾਰ ਰੁੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਇਹ ਫ਼ੈਸਲੇ ਪੰਜਾਬੀ ਭਾਸ਼ਾ ਅਤੇ ਰਾਜ ਦੇ ਵਿਰਸੇ ਤੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਵਿੱਚ ਅਹਿਮ ਸਹਾਈ ਹੋਣਗੇ।