ਪੱਤਰ ਪ੍ਰੇਰਕ
ਚੇਤਨਪੁਰਾ, 17 ਫਰਵਰੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁੁਰੀ ਨੇ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਉਮੀਦਵਾਰ ਮੁਖਵਿੰਦਰ ਸਿੰਘ ਮਾਹਲ ਦੇ ਹੱਕ ਵਿੱਚ ਕਸਬਾ ਰਾਜਾਸਾਂਸੀ ਵਿੱਚ ਰੱਖੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦਿੱਲੀ ਮਾਡਲ ਵਾਲਿਆਂ ਦੀ ਗੱਲ ਕਰੀਏ ਤਾਂ ਉਹ ਸਾਨੂੰ ਪੰਜਾਬੀਆਂ ਨੂੰ ਝਾੜੂ ਫੜਾਉਣਾ ਚਾਹੁੰਦੇ ਹਨ। ਪਰ ਸਾਡੇ ਗੁਰੂਆਂ ਨੇ ਸਾਨੂੰ ਕਿਰਪਾਨਾਂ ਨਾਲ ਨਿਵਾਜਿਆ ਹੈ, ਪਰ ਪੰਜਾਬ ਵਾਸੀ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ 2014 ਤੋਂ 2022 ਤੱਕ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਇਆ ਹੈ ਜੋ ਕਿ ਪਿਛਲੀ ਕਾਂਗਰਸ ਸਰਕਾਰ ਨੇ 70 ਵਰ੍ਹਿਆਂ ’ਚ ਬਰਬਾਦੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਇੱਕ ਲੱਖ ਕਰੋੜ ਦੀ ਗਰਾਂਟ ਜਾਰੀ ਕਰਕੇ ਪੰਜਾਬ ਦਾ ਆਰਥਿਕ ਪੱਖੋਂ ਸੁਧਾਰ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ 20 ਫਰਵਰੀ ਨੂੰ ਭਾਜਪਾ ਉਮੀਦਵਾਰ ਮੁਖਵਿੰਦਰ ਸਿੰਘ ਮਾਹਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।