ਪੱਤਰ ਪ੍ਰੇਰਕ
ਧਾਰੀਵਾਲ, 7 ਅਕਤੂਬਰ
ਬੇਰੁਜ਼ਗਾਰ ਉਪਵੈਦਾਂ ਵੱਲੋਂ ਸਮਾਣਾ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਰਿਹਾਇਸ਼ ਅੱਗੇ 9 ਅਕਤੂਬਰ ਤੋਂ ਪੱਕਾ ਧਰਨਾ ਲਾਇਆ ਜਾਵੇਗਾ। ਇਹ ਜਾਣਕਾਰੀ ਆਯੁਰਵੈਦਿਕ ਡੀ ਫਾਰਮੇਸੀ ਬੇਰੁਜ਼ਗਾਰ ਉਪਵੈਦ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਟੇਕ ਸਿੰਘ ਧਾਰੀਵਾਲ ਨੇ ਦੱਸਿਆ ਉਪਵੈਦਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ 4 ਸਤੰਬਰ ਨੂੰ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਲਾਇਆ ਸੀ, ਜਿਸ ਨੂੰ ਸਮਾਣਾ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਦਾ ਭਰੋਸਾ ਦਿਵਾ ਕੇ ਖਤਮ ਕਰਵਾ ਦਿੱਤਾ ਸੀ ਪਰ ਮਗਰੋਂ ਵਿਭਾਗ ਵਲੋਂ ਮੀਟਿੰਗ ਨਾ ਕਰਵਾਉਣ ਕਰਕੇ ਪਹਿਲਾਂ ਦੀ ਤਰ੍ਹਾਂ ਉਪਵੈਦਾਂ ਨੂੰ ਨਿਰਾਸ਼ ਪਰਤਣਾ ਪਿਆ। ਉਨ੍ਹਾ ਦੱਸਿਆ ਉਪਵੈਦ ਦੀ ਰਜਿਸਟ੍ਰੇਸ਼ਨ ਵਿੱਚ ਵੱਡਾ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿਹਤ ਮੰਤਰੀ ਨੂੰ ਕਈ ਵਾਰ ਜਾਣੂ ਕਰਵਾਉਣ ਦੇ ਬਾਵਜੂਦ ਸਿਹਤ ਮੰਤਰੀ ਨੇ ਕੋਈ ਐਕਸ਼ਨ ਨਹੀਂ ਲਿਆ। ਇਸੇ ਕਾਰਨ ਬੇਰੁਜ਼ਗਾਰ ਉਪਵੈਦਾਂ ਨੇ ਸਮਾਣਾ ਵਿੱਚ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ 9 ਅਕਤੂਬਰ ਤੋਂ ਪੱਕਾ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ। ਧਰਨਾ ਉਨਾ ਚਿਰ ਜਾਰੀ ਰਹੇਗਾ ਜਦੋਂ ਤੱਕ ਉਪਵੈਦ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ।