ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 28 ਸਤੰਬਰ
ਪੁਲੀਸ ਨੇ ਦੋ ਨੌਜਵਾਨਾਂ ਨੂੰ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਸੁਖਜੀਤ ਸਿੰਘ ਰਿਆੜ ਨੇ ਦੱਸਿਆ ਕਿ ਪੁਲੀਸ ਚੌਕੀ ਤੁਗਲਵਾਲ ਦੇ ਇੰਚਾਰਜ ਸਤਿੰਦਰਪਾਲ ਸਿੰਘ ਵੱਲੋਂ ਨਹਿਰ ਦੇ ਪੁਲ ਤੁਗਲਵਾਲਾ ਕੋਲ ਕਾਦੀਆਂ ਦੇ ਮੋੜ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਪੀਬੀ-06 ਬੀਸੀ 1950 ਉੱਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਤੋਂ ਮੌਕੇ ਪੁੱਛ ਪੜਤਾਲ ਕਰਨ ਉਪਰੰਤ ਤਲਾਸ਼ੀ ਲਈ ਤਾਂ ਦੋ ਪਿਸਤੌਲ ਅਤੇ 5 ਰੌਂਦ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਹੀਰਾ ਸਿੰਘ ਵਾਸੀ ਤੁਗਲਵਾਲ ਹਰਜਿੰਦਰ ਸਿੰਘ ਬਹਾਦਰਪੁਰ ਰਜੋਆ ਵਜੋਂ ਹੋਈ ਹੈ। ਪੁਲੀਸ ਵੱਲੋਂ ਇਨ੍ਹਾਂ ਨੌਜਵਾਨਾਂ ਕੋਲੋਂ ਕੀਤੀ ਪੁੱਛ ਪੜਤਾਲ ’ਚ ਇਹ ਸਾਹਮਣੇ ਆਇਆ ਕਿ ਹੀਰਾ ਸਿੰਘ ਪੇਸ਼ੇ ਵਜੋਂ ਕੰਬਾਈਨ ਓਪਰੇਟਰ ਹੈ ਅਤੇ ਉਹ ਅਕਸਰ ਹੀ ਮੱਧ ਪ੍ਰਦੇਸ਼ ਵਿਚ ਕੰਬਾਈਨ ਨਾਲ ਕਣਕ ਅਤੇ ਹੋਰ ਫ਼ਸਲਾਂ ਦੀ ਕਟਾਈ ਲਈ ਜਾਂਦਾ ਸੀ ਜਿੱਥੇ ਉਸ ਦਾ ਤਾਲਮੇਲ ਕਿਸੇ ਅਸਲਾ ਵੇਚਣ ਵਾਲੇ ਗਰੋਹ ਨਾਲ ਹੋ ਗਿਆ। ਜਿਸ ਕੋਲੋਂ ਹੀਰਾ ਸਿੰਘ ਨੇ ਇਹ ਪਿਸਤੌਲਾਂ ਦੀ ਖ਼ਰੀਦੋ ਫ਼ਰੋਖ਼ਤ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।