ਧਾਰੀਵਾਲ: ਇੱਥੇ ਬੀ.ਡੀ.ਪੀ.ਓ. ਦਫਤਰ ਨੇੜੇ ਪੈਦਲ ਜਾ ਰਹੀ ਔਰਤ ਕੋਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੋਬਾਈਲ ਖੋਹ ਕੇ ਲੈ ਗਏ। ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਦੋਵਾਂ ਮਲਜ਼ਮਾਂ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਲਿਆ ਹੈ। ਪੀੜਤ ਸਵੀਟੀ ਵਾਸੀ ਪੂਰੋਵਾਲ ਜੱਟਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਲਈ ਪੈਦਲ ਜਾ ਰਹੀ ਸੀ। ਇਸੇ ਦੌਰਾਨ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਝਪਟ ਕੇ ਲੈ ਗਏ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਹੈ ਕਿ ਉਸ ਦਾ ਮੋਬਾਈਲ ਫੋਨ ਰਾਜੂ ਸਿੰਘ ਤੇ ਵਿਜੈ ਪ੍ਰਤਾਪ ਵਾਸੀਆਨ ਭੁੰਬਲੀ, ਥਾਣਾ ਤਿੱਬੜ ਨੇ ਖੋਹਿਆ ਹੈ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਪੁਲੀਸ ਨੇ ਰਾਜੂ ਸਿੰਘ ਅਤੇ ਵਿਜੈ ਪ੍ਰਤਾਪ ਖਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਮੋਟਰਸਾਈਕਲ ਸਣੇ ਗ੍ਰਿਫਤਾਰ ਕਰ ਲਿਆ ਹੈ। -ਪੱਤਰ ਪ੍ਰੇਰਕ