ਪੱਤਰ ਪ੍ਰੇਰਕ
ਰਈਆ, 5 ਜੂਨ
ਸੀਆਈਏ ਸਟਾਫ਼ ਪੁਲੀਸ ਨੇ ਦੋ ਵਿਅਕਤੀਆਂ ਨੂੰ ਬਲੈਰੋ ਗੱਡੀ ਅਤੇ 50 ਗ੍ਰਾਮ ਅਫ਼ੀਮ ਸਮੇਤ ਕਾਬੂ ਕਰ ਕੇ ਸਿਟੀ ਥਾਣਾ ਵਿੱਚ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸਪੀ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਜ਼ਿਲ੍ਹੇ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਨ ਦਾ ਕਾਰੋਬਾਰ ਕਰਦੇ ਹਨ ਜਿਸ ਤਹਿਤ ਪੁਲੀਸ ਵੱਲੋਂ ਜੰਡਿਆਲਾ ਗੁਰੂ ਬਾਈਪਾਸ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਬਲੈਰੋ ਗੱਡੀ ਨੰਬਰ ਪੀਬੀ 02 ਸੀਵੀ 9555 ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਯੁਵਰਾਜ ਸਿੰਘ ਉਰਫ਼ ਜੱਗਾ ਵਾਸੀ ਟੌਗ ਤੇ ਲਵਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਸ਼ਾਹਬਾਜ਼ਪੁਰ ਨੂੰ 50 ਗ੍ਰਾਮ ਅਫ਼ੀਮ ਸਮੇਤ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਯੁਵਰਾਜ ਸਿੰਘ ਉਰਫ਼ ਜੱਗਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਦਾ ਬਹੁਤ ਨਜ਼ਦੀਕੀ ਸੀ। ਇਸ ਸਬੰਧੀ ਅੱਜ ਸੋਸ਼ਲ ਮੀਡੀਆ ’ਤੇ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਅਤੇ ਕਥਿਤ ਦੋਸ਼ੀ ਦੀਆਂ ਤਸਵੀਰਾਂ ਦਾ ਸਿਲਸਿਲਾ ਵੀ ਸਾਰਾ ਦਿਨ ਚਰਚਾ ’ਚ ਰਿਹਾ।
ਦੂਜੇ ਪਾਸੇ ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਗ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਮਦਦ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਅਜਿਹੇ ਵਿਅਕਤੀ ਨਾਲ ਕੋਈ ਲੈਣ-ਦੇਣ ਨਹੀਂ ਹੈ। ਕੁਝ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਅਜਿਹਾ ਕਰ ਰਹੇ ਹਨ।