ਗੁਰਬਖਸ਼ਪੁਰੀ
ਤਰਨ ਤਰਨ, 29 ਸਤੰਬਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਠੇਕਾ ਆਧਾਰਤ ਮੁਲਾਜ਼ਮਾਂ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਇਥੇ ਵਿਭਾਗ ਦੇ ਐਕਸੀਅਨ ਦੇ ਦਫਤਰ ਸਾਹਮਣੇ ਦੋ-ਰੋਜ਼ਾ ਧਰਨਾ ਸ਼ੁਰੂ ਕੀਤਾ| ਧਰਨੇ ਵਿੱਚ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਭਾਗ ਲਿਆ| ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਸੰਘਰਸ਼ ਕਰਦੇ ਮੁਲਾਜ਼ਮ ਵਿਭਾਗ ਦੇ ਮੁਖੀ (ਐੱਚਓਡੀ) ਵੱਲੋਂ ਮੁਲਾਜ਼ਮਾਂ ਦੀ ਵਿਭਾਗ ਅੰਦਰ ਪਹਿਲਾਂ ਕੀਤੀ ਸੇਵਾ ਨੂੰ ਅਣਗੌਲਿਆਂ ਕਰਕੇ ਸਾਰੇ ਨਵੇਂ ਅਤੇ ਪੁਰਾਣੇ ਮੁਲਾਜ਼ਮਾਂ ਜਿਹੀਆਂ ਤਨਖਾਹਾਂ ਦੇਣ ਸਬੰਧੀ ਜਾਰੀ ਕੀਤੇ ਪੱਤਰ ਨੂੰ ਵਾਪਸ ਕਰਵਾਉਣ ਤੇ ਉਨ੍ਹਾਂ ਦੀਆਂ ਬੀਤੇ ਤਿੰਨ ਮਹੀਨਿਆਂ ਤੋਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੇ ਜਾਣ ਨੂੰ ਮੁੱਖ ਤੌਰ ’ਤੇ ਉਭਾਰਿਆ| ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਬਾਠ ਤੋਂ ਇਲਾਵਾ ਜ਼ਿਲ੍ਹਾ ਆਗੂ ਦਿਲਬਾਗ ਸਿੰਘ ਕੰਗ, ਕੁਲਦੀਪ ਸਿੰਘ ਵਿਰਕ, ਦੇਸ ਰਾਜ ਰੰਧਾਵਾ, ਪਰਮਜੀਤ ਸਿੰਘ ਬਾਕੀਪੁਰ, ਮਨਜਿੰਦਰ ਸਿੰਘ ਚੋਹਲਾ ਸਾਹਿਬ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਵਿਭਾਗ ਦੇ ਐੱਚਓਡੀ ਵੱਲੋਂ ਉਨ੍ਹਾਂ ਵੱਲੋਂ ਪਹਿਲਾਂ ਕੀਤੀ ਸੇਵਾ (ਨੌਕਰੀ) ਦਾ ਤਜਰਬਾ ਖਤਮ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਭਵਿੱਖ ਹਨੇਰਾ ਹੋ ਕੇ ਰਹਿ ਜਾਵੇਗਾ|
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਈ ਮੁਲਾਜ਼ਮਾਂ ਨੇ 10 ਤੋਂ 15 ਸਾਲ ਤੱਕ ਦੀ ਸੇਵਾ ਵੀ ਕੀਤੀ ਹੈ| ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਨਲਿਸਟਮੈਂਟ/ ਆਊਟਸੋਰਸ ਵਰਕਰਾਂ ਨੂੰ 5 ਸਾਲ, 10 ਸਾਲ ਤੇ 10 ਸਾਲ ਤੋਂ ਵੱਧ ਸਮੇਂ ਦੀ ਸੇਵਾ ਨੂੰ ਤਿੰਨ ਕੈਟਾਗਿਰੀਆਂ ਵਿੱਚ ਵੰਡ ਕੇ ਪਹਿਲਾਂ ਦੀ ਤਰ੍ਹਾਂ ਤਨਖਾਹਾਂ ਦੇਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇ ਜਿਸ ਨਾਲ ਵਰਕਰਾਂ ਨੂੰ ਉਨ੍ਹਾਂ ਦੇ ਤਜਰਬੇ ਦਾ ਲਾਭ ਮਿਲ ਸਕੇਗਾ| ਮੁਲਾਜ਼ਮ ਰਾਤ ਵੇਲੇ ਵੀ ਧਰਨਾ ਸਥਾਨ ’ਤੇ ਰਹਿਣਗੇ|
ਧਰਨਾ ਸਥਾਨ ’ਤੇ ਮੁਲਾਜ਼ਮਾਂ ਨੇ ਲੰਗਰ ਆਦਿ ਦੇ ਬੰਦੋਬਸਤ ਕੀਤੇ ਹੋਏ ਸਨ| ਕਈ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਧਰਨੇ ਵਿੱਚ ਸ਼ਾਮਲ ਹੋਈਆਂ|