ਐੱਨਪੀ. ਧਵਨ
ਪਠਾਨਕੋਟ, 26 ਸਤੰਬਰ
ਪਠਾਨਕੋਟ ਜ਼ਿਲ੍ਹੇ ਅੰਦਰ ਸਰਕਟ ਹਾਊਸ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਦੋ ਏਕੜ ਥਾਂ ਦੇ ਦਿੱਤੀ ਹੈ ਅਤੇ ਇਸ ਨਿਰਮਾਣ ਕਾਰਜ ਲਈ ਅੱਠ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਸ ਦੇ ਬਣਨ ਨਾਲ ਜ਼ਿਲ੍ਹੇ ਅੰਦਰ ਬਾਹਰੋਂ ਆਉਣ ਵਾਲੇ ਵੀਵੀਆਈਪੀਜ਼ ਦੇ ਠਹਿਰਨ ਦੀ ਸਮੱਸਿਆ ਹੱਲ ਹੋ ਜਾਵੇਗੀ। ਪੀਡਬਲਯੂਡੀ ਵਿਭਾਗ ਦੇ ਐਕਸੀਅਨ ਆਰ.ਐੱਸ. ਗੋਤਰਾ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹਾ ਬਣੇ ਨੂੰ ਕਾਫੀ ਸਾਲ ਹੋ ਗਏ ਹਨ ਪਰ ਇਥੇ ਕੋਈ ਵੀ ਸਰਕਟ ਹਾਊਸ ਨਾ ਹੋਣ ਕਾਰਨ ਬਾਹਰੋਂ ਆਉਣ ਵਾਲੇ ਅਫਸਰਾਂ ਨੂੰ ਠਹਿਰਾਉਣ ਦੀ ਸਮੱਸਿਆ ਕਾਫੀ ਆਉਂਦੀ ਸੀ। ਸਾਲ 2009 ਵਿੱਚ ਤਾਂ ਪੰਜਾਬ ਸਰਕਾਰ ਨੇ ਸਰਕਟ ਹਾਊਸ ਲਈ ਪੈਸਾ ਵੀ ਮਨਜ਼ੂਰ ਕੀਤਾ ਸੀ। ਇਹ ਸਰਕਟ ਹਾਊਸ ਜ਼ਿਲ੍ਹਾ ਪ੍ਰਸ਼ਾਸਨ ਸੁਜਾਨਪੁਰ ਵਿਖੇ ਸਟੇਡੀਅਮ ਵਾਲੀ ਜਗ੍ਹਾ ਬਣਾਉਣਾ ਚਾਹੁੰਦਾ ਸੀ ਪਰ ਉਥੋਂ ਦੇ ਲੋਕ ਉਕਤ ਜਗ੍ਹਾ ਦੇਣ ਲਈ ਰਾਜ਼ੀ ਨਾ ਹੋਏ ਅਤੇ ਅਖੀਰੀ ਪੈਸਾ ਵਾਪਸ ਚਲਾ ਗਿਆ ਤੇ ਸਰਕਟ ਹਾਊਸ ਦੀ ਯੋਜਨਾ ਠੰਢੇ ਬਸਤੇ ਵਿੱਚ ਪੈ ਗਈ।
ਹਾਲ ਹੀ ਵਿੱਚ ਪੰਜਾਬ ਦੇ ਗਵਰਨਰ ਨੇ ਛੇ ਜ਼ਿਲ੍ਹਿਆਂ ਦੇ ਦੌਰੇ ਸਮੇਂ ਪਠਾਨਕੋਟ ਦਾ ਦੌਰਾ ਕੀਤਾ ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀਕੇ ਜੰਜੂਆ ਨੇ ਸਰਕਟ ਹਾਊਸ ਨਾ ਹੋਣ ’ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਚੰਡੀਗੜ੍ਹ ਪੁੱਜ ਕੇ ਤੁਰੰਤ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈੇ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਹੀ ਪਠਾਨਕੋਟ-ਅੰਮ੍ਰਿਤਸਰ ਸੜਕ ’ਤੇ ਬਿਜਲੀ ਬੋਰਡ ਦੀ ਪਾਵਰ ਕਲੋਨੀ ਹੈ। ਇਸ ਵਿੱਚ ਕੰਮ ਘੱਟ ਜਾਣ ਕਾਰਨ ਕਾਫੀ ਜਗ੍ਹਾ ਖਾਲੀ ਤੇ ਵਿਅਰਥ ਪਈ ਹੈ। ਇਸ ’ਤੇ ਮੁੱਖ ਸਕੱਤਰ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦੋ ਏਕੜ ਖਾਲੀ ਪਈ ਜਗ੍ਹਾ ਨੂੰ ਪੀਡਬਲਯੂਡੀ ਵਿਭਾਗ ਨੂੰ ਤਬਦੀਲ ਕਰਨ ਦੇ ਆਦੇਸ਼ ਦੇ ਦਿੱਤੇ। ਐਕਸੀਅਨ ਆਰਐੱਸ ਗੋਤਰਾ ਨੇ ਦੱਸਿਆ ਕਿ ਇਸ ਸਰਕਟ ਹਾਊਸ ਵਿੱਚ ਦੋ ਵੀਵੀਆਈਪੀ ਰੂਮ, 10 ਸਧਾਰਨ ਕਮਰੇ, ਰਸੋਈ, ਡਾਈਨਿੰਗ ਹਾਲ ਅਤੇ ਕਾਨਫਰੰਸ ਹਾਲ ਬਣਾਏ ਜਾਣਗੇ।