ਗੁਰਬਖਸ਼ਪੁਰੀ
ਤਰਨ ਤਾਰਨ, 14 ਜੁਲਾਈ
ਇੱਥੋਂ ਦੇ ਜ਼ਿਲ੍ਹਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਕਥਿਤ ਅਣਗਹਿਲੀ ਕਾਰਨ ਇੱਕ ਮਰੀਜ਼ ਦੀ ਹਾਲਤ ਮਹੀਨਿਆਂ ਤੱਕ ਵੀ ਠੀਕ ਨਾ ਹੋਣ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸ਼ੁਰੂ ਕੀਤੇ ‘ਪੱਕੇ ਮੋਰਚੇ’ ਦੇ ਦਬਾਅ ਅੱਗੇ ਝੁਕਦਿਆਂ ਸਿਹਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਰੀਜ਼ ਦਾ ਗੁਰੂ ਨਾਨਕ ਦੇਵ ਹਸਪਤਾਲ ਤੋਂ ਵਿਸ਼ੇਸ਼ ਸਹੂਲਤਾਂ ਨਾਲ ਇਲਾਜ ਕਰਵਾਉਣ ਦਾ ਲਿਖਤੀ ਵਿਸ਼ਵਾਸ ਦੇਣ ਲਈ ਮਜਬੂਰ ਹੋਣਾ ਪਿਆ| ਇਸ ਦੌਰਾਨ ਅਧਿਕਾਰੀਆਂ ਦੇ ਦਿੱਤੇ ਵਿਸ਼ਵਾਸ ’ਤੇ ਜਥੇਬੰਦੀ ਨੇ ਧਰਨਾ ਖ਼ਤਮ ਕਰ ਦਿੱਤਾ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਅੱਜ ਸਵੇਰ ਵੇਲੇ ਭਾਰੀ ਬਾਰਿਸ਼ ਪੈਣ ਦੇ ਬਾਵਜੂਦ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਨੇ ਸਿਵਲ ਸਰਜਨ ਡਾ. ਸੀਮਾ ਦੇ ਦਫ਼ਤਰ ਸਾਹਮਣੇ ਧਰਨਾ ਸ਼ੁਰੂ ਕੀਤਾ|
ਧਰਨਾਕਾਰੀਆਂ ਨੂੰ ਜਥੇਬੰਦੀ ਦੀ ਬਾਬਾ ਬੁੱਢਾ ਸਾਹਿਬ ਇਕਾਈ ਦੇ ਪ੍ਰਧਾਨ ਧੰਨਾ ਸਿੰਘ ਲਾਲੂਘੁੰਮਣ ਤੋਂ ਇਲਾਵਾ ਬਲਜੀਤ ਸਿੰਘ, ਪ੍ਰਤਾਪ ਸਿੰਘ ਕੈਰੋਵਾਲ, ਸਤਨਾਮ ਸਿੰਘ ਮਾਨੋਚਾਹਲ, ਜਰਨੈਲ ਸਿੰਘ ਨੂਰਦੀ ਆਦਿ ਨੇ ਸੰਬੋਧਨ ਕੀਤਾ| ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਹਸਪਤਾਲ ਤੋਂ ਤਿੰਨ ਮਹੀਨੇ ਪਹਿਲਾਂ ਇਲਾਕੇ ਦੇ ਪਿੰਡ ਕੈਰੋਵਲ ਦੀ ਔਰਤ ਬਲਜੀਤ ਨੇ ਇਲਾਜ ਕਰਵਾਇਆ ਸੀ ਜਿਸ ਦੇ ਅਪਰੇਸ਼ਨ ਦੌਰਾਨ ਡਾਕਟਰਾਂ ਦੀ ਕਥਿਤ ਅਣਗਹਿਲੀ ਕਰਕੇ ਜਿੱਥੇ ਮਰੀਜ਼ ਠੀਕ ਨਾ ਹੋ ਸਕਿਆ, ਉੱਥੇ ਪਰਿਵਾਰ ਨੂੰ ਪ੍ਰਾਈਵੇਟ ਤੌਰ ’ਤੇ ਇਲਾਜ ਕਰਵਾਉਣ ਲਈ ਵੱਡੀ ਰਕਮ ਖਰਚ ਕਰਨੀ ਪਈ|
ਇਸ ਦੌਰਾਨ ਭਾਰੀ ਬਾਰਿਸ਼ ਦੇ ਬਾਵਜੂਦ ਧਰਨਾ ਜਾਰੀ ਰਹਿਣ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਤੇ ਸਿਵਲ ਸਰਜਨ ਡਾ. ਸੀਮਾ ਤੇ ਜਥੇਬੰਦੀ ਦੇ ਆਗੂਆਂ ਨੇ ਮੀਟਿੰਗ ਕਰ ਕੇ ਮਰੀਜ਼ ਦਾ ਸਰਕਾਰੀ ਤੌਰ ਅੰਮ੍ਰਿਤਸਰ ਤੋਂ ਤਿੰਨ ਡਾਕਟਰਾਂ ਦੀ ਅਗਵਾਈ ਵਿੱਚ ਇਲਾਜ ਕਰਵਾਉਣ ਦਾ ਲਿਖਤੀ ਤੌਰ ’ਤੇ ਵਿਸ਼ਵਾਸ ਦਿੱਤਾ ਜਿਸ ’ਤੇ ਜਥੇਬੰਦੀ ਨੇ ਮੋਰਚਾ ਖ਼ਤਮ ਕਰ ਦਿੱਤਾ|