ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਮਾਰਚ
ਪੁਲੀਸ ਕਮਿਸ਼ਨਰੇਟ ਵਲੋਂ ਹੁਣ ਅਪਰਾਧੀਆਂ ਦੇ ‘ਫਿੰਗਰ ਪ੍ਰਿੰਟ ਸਰਚ ਸਲਿਪ’ ਤਿਆਰ ਕੀਤੀ ਜਾਵੇਗੀ, ਜਿਸ ਰਾਹੀਂ ਅਪਰਾਧੀਆਂ ਦਾ ਪਿਛੋਕੜ ਸਬੰਧੀ ਰਿਕਾਰਡ ਆਨਲਾਈਨ ਮਿਲ ਸਕੇਗਾ। ਇਸ ਸਬੰਧ ਵਿਚ ਮੋਬਾਈਲ ਫੋਰੈਂਸਿਕ ਅਤੇ ਫਿੰਗਰ ਪ੍ਰਿੰਟ ਵਿਭਾਗ ਵਲੋਂ ਲੋੜੀਂਦੀਆਂ ਕਿੱਟਾਂ ਦੀ ਖਰੀਦ ਕੀਤੀ ਗਈ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ ਹਰਮਿੰਦਰ ਸਿੰਘ ਸੰਧੂ ਵਲੋਂ ਅੱਜ ਫਿੰਗਰ ਪ੍ਰਿੰਟ ਲੈਣ ਵਾਲੀਆਂ ਕਿੱਟਾਂ ਵੱਖ-ਵੱਖ ਟੀਮਾਂ ਨੂੰ ਵੰਡੀਆਂ ਗਈਆਂ। ਪੁਲੀਸ ਦੇ ਸਹਾਇਕ ਕਮਿਸ਼ਨਰ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਫੋਰੈਂਸਿਕ ਅਤੇ ਟੈਕਨੀਕਲ ਵਿਭਾਗ ਵਲੋਂ ਹਰੇਕ ਥਾਣੇ ਦੇ ਇਕ ਇਕ ਕਰਮਚਾਰੀ ਨੂੰ ਸਿਖਲਾਈ ਦੇਣ ਲਈ ਤਿੰਨ ਦਿਨਾਂ ਦੀ ਸਿਖਲਾਈ ਵਰਕਸ਼ਾਪ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਫਿੰਗਰ ਪ੍ਰਿੰਟ ਦਾ ਰਿਕਾਰਡ ਰੱਖਿਆ ਜਾਵੇਗਾ, ਜਿਸ ਵਿਚ ਉਨ੍ਹਾਂ ਦਾ ਅਪਰਾਧਿਕ ਪਿਛੋਕੜ ਵੀ ਸ਼ਾਮਲ ਹੋਵੇਗਾ। ਫਿੰਗਰ ਪ੍ਰਿੰਟ ਬਿਊਰੋ ਫਿਲੋਰ ਤੋਂ ਆਨਲਾਈਨ ਇਹ ਰਿਕਾਰਡ ਦਾ ਪਤਾ ਲਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਟੀਮਾਂ ਨੂੰ ਕਿੱਟਾਂ ਵੰਡੀਆਂ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਅਪਰਾਧੀਆਂ ਦੀ ਫਿੰਗਰ ਪ੍ਰਿੰਟ ਸਰਚ ਸਲਿਪ ਤਿਆਰ ਕਰਨ ਲਈ ਆਖਿਆ ਗਿਆ ਹੈ।