ਪੱਤਰ ਪ੍ਰੇਰਕ
ਪਠਾਨਕੋਟ, 6 ਜੁਲਾਈ
ਸਿਹਤ ਵਿਭਾਗ ਨੇ ਜ਼ਿਲ੍ਹੇ ਅੰਦਰ ਸਮੂਹ ਖਾਣ-ਪੀਣ ਵਾਲੇ ਪਦਾਰਥ ਬਣਾਉਣ ਅਤੇ ਵੇਚਣ ਵਾਲਿਆਂ ਲਈ ਹੁਣ ਸਿਖਲਾਈ ਲੈਣਾ ਜ਼ਰੂਰੀ ਕਰ ਦਿੱਤਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪਠਾਨਕੋਟ ਦੇ ਸਿਹਤ ਵਿਭਾਗ ਫੂਡ ਸੇਫਟੀ ਅਸਿਸਟੈਂਟ ਕਮਿਸ਼ਨਰ ਡਾ. ਸੰਜੈ ਕਤਿਆਲ ਅਤੇ ਫੂਡ ਸੇਫਟੀ ਅਫਸਰ ਡਾ. ਸਿਮਰਤ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਲੋਕਾਂ ਨੂੰ ਸਾਫ ਸੁਥਰੇ ਖਾਣ-ਪੀਣ ਵਾਲੇ ਪਦਾਰਥ ਅਤੇ ਗੁਣਵੱਤਾ ਭਰਪੂਰ ਪਦਾਰਥ ਮੁਹੱਈਆ ਕਰਵਾਉਣ ਲਈ ਸਿਖਲਾਈ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਤਹਿਤ ਸੁਰੱਖਿਆ, ਗੁਣਵੱਤਾ, ਮਾਪਦੰਡਾਂ, ਵਿਅਕਤੀਗਤ ਸਵੱਛਤਾ ਅਤੇ ਸਫ਼ਾਈ ਦੇ ਸਬੰਧ ਵਿੱਚ ਸਰਕਾਰ ਨੇ ਜਾਗਰੂਕਤਾ ਲਿਆਉਣ ਲਈ ਕੀਤਾ ਹੈ। ਸਿਖਲਾਈ ਵਿੱਚ ਖਾਣ ਪੀਣ ਵਾਲੇ ਪਦਾਰਥ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਦੀ ਪ੍ਰਕਿਰਿਆ ਵਿੱਚ ਸਫਾਈ, ਦਾਇਰੇ ਵਿੱਚ ਕੰਮ ਕਰਨ ਵਾਲੇ ਸਥਾਨਾਂ ਦੀ ਸਾਫ ਸਫਾਈ ਅਤੇ ਖਾਣ-ਪੀਣ ਵਾਲੇ ਪਦਾਰਥਾਂ ਦੇ ਮਾਪਦੰਡ ਅਤੇ ਗੁਣਵੱਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ।