ਦਿਲਬਾਗ ਸਿੰਘ
ਅਟਾਰੀ, 7 ਅਗਸਤ
ਅੰਮ੍ਰਿਤਸਰ-ਅਟਾਰੀ ਕੌਮੀ ਰਾਜ ਮਾਰਗ ’ਤੇ ਗੁੱਜਰਾਂ ਦੇ ਪਸ਼ੂਆਂ ਕਾਰਨ ਹਰ ਦਿਨ ਹਾਦਸੇ ਵਾਪਰ ਰਹੇ ਹਨ। ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖਣ ਲਈ ਆਉਣ ਵਾਲੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਸੜਕ ਦੇ ਦੋਵੇਂ ਪਾਸੇ ਲਗਾਏ ਜਾ ਰਹੇ ਛਾਂਦਾਰ ਤੇ ਫੁੱਲਦਾਰ ਬੂਟਿਆਂ ਦਾ ਗੁੱਜਰਾਂ ਦੇ ਡੰਗਰ ਉਜਾੜਾ ਕਰ ਰਹੇ ਹਨ। ਸੜਕ ’ਤੇ ਘੁੰਮਦੇ ਅਵਾਰਾ ਪਸ਼ੂਆਂ ’ਚੋਂ ਹਰ ਰੋਜ਼ ਇੱਕ-ਦੋ ਦੀ ਹਾਦਸਿਆਂ ਕਾਰਨ ਮੌਤ ਹੋ ਰਹੀ ਹੈ ਤੇ ਹਾਦਸੇ ਦਾ ਸ਼ਿਕਾਰ ਹੋਏ ਆਵਾਰਾ ਪਸ਼ੂਆਂ ਨੂੰ ਸੜਕ ਦੇ ਕੰਢੇ ਸੁੱਟ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਟਾਰੀ ਸਰਹੱਦ ਤੋਂ ਰੀਟਰੀਟ ਸੈਰਾਮਨੀ ਵੇਖ ਕੇ ਵਾਪਸ ਪਰਤ ਰਹੇ ਸੈਲਾਨੀਆਂ ਦੀ ਮਿਨੀ ਬੱਸ ਬੀਐੱਸਐੱਫ ਕੈਂਟ ਨੇੜੇ ਅਵਾਰਾ ਪਸ਼ੂ ਸੜਕ ਵਿਚਕਾਰ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਕਿਸਾਨ ਦਲਬੀਰ ਸਿੰਘ ਤੇ ਜਸਬੀਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਘੁੰਮਦੇ ਅਵਾਰਾ ਪਸ਼ੂ ਤੇ ਗੁੱਜਰਾਂ ਦੇ ਪਸ਼ੂ ਕਿਸਾਨਾਂ ਦੇ ਹਰੇ ਚਾਰੇ ਤੇ ਝੋਨੇ ਦਾ ਨੁਕਸਾਨ ਕਰ ਰਹੇ ਹਨ। ਦੂਜੇ ਪਾਸੇ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਲਗਾਏ ਜਾ ਰਹੇ ਛਾਂਦਾਰ ਤੇ ਫੁੱਲਦਾਰ ਬੂਟਿਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁੱਜਰਾਂ ਨੂੰ ਨੈਸ਼ਨਲ ਹਾਈਵੇਅ ਸੜਕ ’ਤੇ ਪਸ਼ੂ ਚਰਾਉਣ ਤੋਂ ਰੋਕਿਆ ਜਾਵੇ ਤੇ ਸੜਕ ’ਤੇ ਘੁੰਮਦੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਿਆ ਜਾਵੇ ਤਾਂ ਜੋ ਹਾਦਸੇ ਨਾ ਵਾਪਰਨ ਤੇ ਫ਼ਸਲਾਂ ਦਾ ਨੁਕਸਾਨ ਰੋਕਿਆ ਜਾ ਸਕੇ।