ਐੱਨ ਪੀ ਧਵਨ
ਪਠਾਨਕੋਟ, 10 ਅਗਸਤ
ਪਠਾਨਕੋਟ ਪੁਲੀਸ ਨੇ ਏਟੀਐੱਮ ਕਾਰਡ ਦੀ ਅਦਲਾ-ਬਦਲੀ ਕਰ ਕੇ ਲੱਖਾਂ ਰੁਪਏ ਕਢਵਾਉਣ ਵਾਲੇ ਇੱਕ ਅੰਤਰਰਾਜੀ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਿਸਾਰ ਵਾਸੀ ਰਮੇਸ਼ ਕੁਮਾਰ, ਪਰਵੀਨ ਕੁਮਾਰ ਅਤੇ ਸਿਕੰਦਰ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ 8 ਅਗਸਤ ਨੂੰ ਕਾਂਤਾ ਦੇਵੀ ਵੱਲੋਂ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਉਸ ਨੇ ਕਿਹਾ ਕਿ ਉਹ ਆਪਣੀ ਬੇਟੀ ਨਾਲ ਸਰਨਾ ਸਟੇਸ਼ਨ ਸਥਿਤ ਏਟੀਐੱਮ ਵਿੱਚੋਂ 2 ਹਜ਼ਾਰ ਰੁਪਏ ਕਢਵਾਉਣ ਗਈ ਸੀ। ਉਸ ਦੀ ਬੇਟੀ ਜਦੋਂ ਏਟੀਐੱਮ ਵਿੱਚੋਂ ਪੈਸੇ ਕੱਢਣ ਲੱਗੀ ਤਾਂ ਕੁੱਝ ਲੋਕਾਂ ਨੇ ਮਦਦ ਦਾ ਝਾਂਸਾ ਦੇ ਕੇ ਉਸ ਦਾ ਕਾਰਡ ਬਦਲ ਦਿੱਤਾ। ਏਟੀਐੱਮ ਵਿੱਚੋਂ ਬਾਹਰ ਆਉਣ ਬਾਅਦ ਉਸ ਦੀ ਬੇਟੀ ਨੇ ਦੇਖਿਆ ਕਿ ਕਾਰਡ ਉਪਰ ਕਿਸੇ ਹੋਰ ਰਜਨੀ ਦੇਵੀ ਦਾ ਨਾਂ ਲਿਖਿਆ ਹੋਇਆ ਹੈ। ਜਦੋਂ ਉਨ੍ਹਾਂ ਮੁੜ ਕੇ ਦੇਖਿਆ ਤਾਂ ਏਟੀਐੱਮ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਐੱਸਯੂਵੀ ਕਾਰ ਲੈ ਕੇ ਭੱਜ ਗਏ ਸਨ। ਕੁੱਝ ਸਮੇਂ ਬਾਅਦ ਉਸ ਦੀ ਬੇਟੀ ਦੇ ਮੋਬਾਈਲ ਨੰਬਰ ’ਤੇ 75 ਹਜ਼ਾਰ ਰੁਪਏ ਦਾ ਲੈਣ-ਦੇਣ ਅਤੇ ਏਟੀਐਮ ਰਾਹੀਂ 38 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ਼ ਆ ਗਿਆ। ਐੱਸਐੱਸਪੀ ਖੱਖ ਨੇ ਦੱਸਿਆ ਕਿ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ ਪਠਾਨਕੋਟ ਅਤੇ ਥਾਣਾ ਸਦਰ ਪਠਾਨਕੋਟ ਦੀ ਸਾਂਝੀ ਟੀਮ ਵੱਲੋਂ ਕੋਟਲੀ ਨਹਿਰ ’ਤੇ ਆ ਰਹੀ ਸ਼ੱਕੀ ਮਾਰੂਤੀ ਐਸਯੂਵੀ ਕਾਰ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਕਾਰ ਸਵਾਰਾਂ ਕੋਲੋਂ 66 ਏਟੀਐੱਮ ਕਾਰਡ, ਇੱਕ ਸਵਾਈਪ ਮਸ਼ੀਨ ਅਤੇ 19 ਹਜ਼ਾਰ ਰੁਪਏ ਨਗਦੀ ਬਰਾਮਦ ਕੀਤੀ ਗਈ।