ਐੱਨ.ਪੀ. ਧਵਨ
ਪਠਾਨਕੋਟ, 2 ਅਪਰੈਲ
ਇੱਥੇ ਸਬਜ਼ੀ ਮੰਡੀ ਵਿੱਚ 100 ਰੁਪਏ ਪ੍ਰਤੀ ਦਿਨ ਪਰਚੀ ਲਗਾਏ ਜਾਣ ਦੇ ਵਿਰੋਧ ਵਿੱਚ ਸਮੂਹ ਫੜ੍ਹੀ ਵਾਲਿਆਂ ਨੇ ਨਾਅਰੇਬਾਜ਼ੀ ਕਰ ਕੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਉੱਪਰ ਪਰਚੀ ਥੋਪੀ ਗਈ ਤਾਂ ਉਹ ਸੋਮਵਾਰ ਤੋਂ ਹੜਤਾਲ ’ਤੇ ਚਲੇ ਜਾਣਗੇ। ਵਿਰੋਧ ਕਰਨ ਵਾਲਿਆਂ ਵਿੱਚ ਕਾਲਾ ਪ੍ਰਧਾਨ, ਜਤਿੰਦਰ, ਜੋਗਿੰਦਰ, ਜੱਗਾ, ਰਾਹੁਲ, ਮੁਨੀਸ਼, ਰੋਹਿਤ, ਰਾਕੇਸ਼, ਸੁਨੀਲ ਆਦਿ ਦੇ ਨਾਂ ਪ੍ਰਮੁੱਖ ਹਨ।
ਇਕੱਤਰ ਹੋਏ ਸਮੂਹ ਫੜ੍ਹੀ ਵਾਲਿਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਦੇ ਸਮੇਂ ਉਨ੍ਹਾਂ ’ਤੇ ਇਹ ਪਰਚੀ ਨਹੀਂ ਲੱਗੀ ਸੀ, ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਇਹ ਪਰਚੀ ਉਨ੍ਹਾਂ ’ਤੇ ਕਿਉਂ ਥੋਪੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਆਪ ਇੰਚਾਰਜ ਵਿਭੂਤੀ ਸ਼ਰਮਾ ਸਬਜ਼ੀ ਮੰਡੀ ਵਿੱਚ ਆਏ ਸਨ ਅਤੇ ਉਨ੍ਹਾਂ ਸਮੂਹ ਫੜ੍ਹੀ ਵਾਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ’ਤੇ ਕੋਈ ਪਰਚੀ ਨਹੀਂ ਲਗਾਈ ਜਾਵੇਗੀ ਪਰ ਇਸ ਦੇ ਬਾਵਜੂਦ ਠੇਕੇਦਾਰਾਂ ਵੱਲੋਂ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਸੋਮਵਾਰ ਤੋਂ ਉਨ੍ਹਾਂ ਕੋਲੋਂ 100 ਰੁਪਏ ਪ੍ਰਤੀ ਫੜ੍ਹੀ ਵਾਲੇ ਦੇ ਹਿਸਾਬ ਨਾਲ ਪਰਚੀ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਵਿਧਾਵਾਂ ਦੇ ਨਾਂ ’ਤੇ ਤਾਂ ਇੱਥੇ ਕੁਝ ਨਹੀਂ ਹੈ, ਉਹ ਲੋਕ ਪਹਿਲਾਂ ਤੋਂ ਹੀ ਆੜ੍ਹਤੀਆਂ ਨੂੰ 9 ਫੀਸਦੀ ਦੇ ਹਿਸਾਬ ਨਾਲ ਕਮਿਸ਼ਨ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਨੇ ਨਵੀਂ ਸਬਜ਼ੀ ਮੰਡੀ ਵਿੱਚ ਫੜ੍ਹੀ, ਕੰਟੀਨ ਅਤੇ ਪਾਰਕਿੰਗ ਦਾ ਵਿੱਤੀ ਸਾਲ 2022-23 ਦਾ ਸਾਲਾਨਾ ਠੇਕਾ 1 ਕਰੋੜ 9 ਲੱਖ ਰੁਪਏ ਵਿੱਚ ਜਾਰੀ ਕਰ ਦਿੱਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 26.50 ਫੀਸਦੀ ਜ਼ਿਆਦਾ ਹੈ।