ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 22 ਅਗਸਤ
ਇਥੇ ਸ਼ਹਿਰ ਵਿੱਚੋਂ ਲੰਘਦੀ ਨਹਿਰ ਕਿਨਾਰੇ ਸਥਿਤ ਸਬ ਤਹਿਸੀਲ ਧਾਰੀਵਾਲ ਦਫ਼ਤਰ ਵਿੱਚੋਂ ਬੀਤੀ ਰਾਤ ਚੋਰਾਂ ਨੇ ਦਫ਼ਤਰ ਦੇ ਕਮਰਿਆਂ ਦੇ ਕੁੰਡੇ/ਤਾਲੇ ਤੋੜ ਕੇ ਅੰਦਰੋਂ ਜੈਨਰੇਟਰ ਦੀ ਬੈਟਰੀ, ਗਟਰ ਦੇ ਲੋਹੇ ਦੇ ਢੱਕਣ, ਬਾਥਰੂਮ ਦੀਆਂ ਟੂਟੀਆਂ, ਰੀਡਰ ਦਾ ਕੰਪਿਊਟਰ (ਸਮੇਤ ਯੂ.ਪੀ.ਐੱਸ), ਟੈਕਨੀਕਲ ਅਸਿਸਟੈਂਟ ਦਾ ਕੰਪਿਊਟਰ (ਸਾਰਾ ਸਾਮਾਨ) ਆਦਿ ਚੋਰੀ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਸਬ ਤਹਿਸੀਲ ਧਾਰੀਵਾਲ ਦੇ ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਰਿਆੜ ਨੇ ਦੱਸਿਆ ਕਿ ਇਥੇ ਦਫ਼ਤਰ ਵਿੱਚ ਤਾਇਨਾਤ ਚੌਕੀਦਾਰ ਪਰਵੀਨ ਕੁਮਾਰ ਦੀ ਡਿਊਟੀ 10 ਅਗਸਤ ਤੋਂ 24 ਅਗਸਤ 2022 ਤੱਕ ਸਦਰ ਦਫ਼ਤਰ ਗੁਰਦਾਸਪੁਰ ਵਿੱਚ ਲੱਗੀ ਹੋਈ ਹੈ। ਇਸ ਕਰਕੇ ਲੰਘੀ ਰਾਤ ਇਥੇ ਚੌਕੀਦਾਰ ਦੇ ਨਾ ਦਿੱਸਣ ਕਾਰਨ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਦਫ਼ਤਰ ਦੇ ਹਰੇਕ ਕਮਰੇ ਦੇ ਕੁੰਡੇ/ਤਾਲੇ ਤੋੜ ਕੇ ਦਫਤਰ ਅੰਦਰ ਪਿਆ ਇਹ ਸਾਰਾ ਸਾਮਾਨ ਚੋਰੀ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰ ਸ੍ਰੀਮਤੀ ਰਿਆੜ ਨੇ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਗੁਰਦਾਸਪੁਰ ਅਤੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਲਿਖਤੀ ਤੌਰ ’ਤੇ ਸੂਚਨਾ ਦੇ ਕੇ ਦੱਸਿਆ ਹੈ ਕਿ ਸਬ ਤਹਿਸੀਲ ਦਫਤਰ ਸ਼ਹਿਰ ਦੀ ਆਬਾਦੀ ਤੋਂ ਜਰਾ ਦੂਰ ਹੈ। ਜਿਸ ਕਾਰਨ ਦਫ਼ਤਰ ਵਿੱਚ ਪਹਿਲਾਂ ਵੀ ਕਈ ਵਾਰ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਦਫ਼ਤਰ ਵਿੱਚ ਪੱਕਾ ਚੌਕੀਦਾਰ ਅਤੇ ਸਕਿਉਰਿਟੀ ਤਾਇਨਾਤ ਕੀਤੀ ਜਾਵੇ ਅਤੇ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤੇ ਰਾਤ ਨੂੰ ਇਸ ਦਫ਼ਤਰ ਦੇ ਆਸ ਪਾਸ ਪੁਲੀਸ ਪਟਰੋਲਿੰਗ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ।