ਦਿੱਲੀ ਜੇਲ੍ਹ ਤੋਂ ਰਿਹਾਅ ਹੋ ਕੇ ਨੌਜਵਾਨ ਪਿੰਡ ਪਰਤੇ

ਪਿੰਡ ਭਰਥ ਸਣੇ ਰਸਤੇ ਵਿੱਚ ਭਰਵਾਂ ਸੁਆਗਤ; ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਦਿੱਲੀ ਜੇਲ੍ਹ ਤੋਂ ਰਿਹਾਅ ਹੋ ਕੇ ਨੌਜਵਾਨ ਪਿੰਡ ਪਰਤੇ

ਪਿੰਡ ਪਟਿਆਲ ਵਿੱਚ ਖੇਤੀ ਕਨੂੰਨਾਂ ਖਿਲਾਫ਼ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਦੇ ਕਿਸਾਨ। -ਫੋਟੋ: ਜਗਜੀਤ

ਗੁਰਭੇਜ ਸਿੰਘ ਰਾਣਾ

ਸ੍ਰੀ ਹਰਗੋਬਿੰਦਪੁਰ, 1 ਮਾਰਚ

ਦਿੱਲੀ ਅੰਦੋਲਨ ਵਿੱਚ ਸ਼ਾਮਿਲ ਹੋਣ ਗਏ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਰਥ ਦੇ 2 ਨੌਜਵਾਨ 26 ਜਨਵਰੀ ਮੌਕੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਸਨ। ਦੋਵੇਂ ਨੌਜਵਾਨ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਪਣੇ ਪਿੰਡ ਭਰਥ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਤੇ ਹਲਕਾ ਵਾਸੀਆਂ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਨ੍ਹਾਂ ਯੋਧਿਆਂ ਨੂੰ ਹਾਰ ਪਾ ਕੇ ਕਾਫ਼ਲੇ ਦੇ ਰੂਪ ਵਿੱਚ ਲਾਈਟਾਂ ਵੱਲੇ ਚੌਕ ਤੋਂ ਗੁਰਦੁਆਰਾ ਦਮਦਮਾ ਸਾਹਿਬ ਲਿਜਾਇਆ ਗਿਆ। ਉੱਥੇ ਮੱਥਾ ਟੇਕ ਕੇ ਉਹ ਪਿੰਡ ਲਈ ਰਵਾਨਾ ਹੋਏ।

ਨੌਜਵਾਨ ਗੁਰਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 22 ਜਨਵਰੀ ਨੂੰ ਪਿੰਡ ਭਰਥ ਤੋਂ ਟਰਾਲੀਆਂ ਦੇ ਕਾਫ਼ਲੇ ਵਿੱਚ ਦਿੱਲੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ ਤਾਂ 29 ਜਨਵਰੀ ਨੂੰ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੇ ਸੰਗੀਨ ਧਾਰਾਵਾਂ ਹੇਠ ਮੁਕੱਦਮੇ ਦਰਜ ਕਰ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ’ਤੇ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤਸ਼ੱਦਦ ਤੇ ਜੇਲ੍ਹਬੰਦੀ ਹੋਣ ਦੇ ਨਾਲ ਉਹ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਏ ਹਨ।

ਪਠਾਨਕੋਟ (ਐਨ.ਪੀ. ਧਵਨ): ਸੰਯੁਕਤ ਕਿਸਾਨ ਮੋਰਚਾ ਵੱਲੋਂ ਬੀਤੀ ਦੇਰ ਸ਼ਾਮ ਨੂੰ ਸੁਜਾਨਪੁਰ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਮਾਰਚ ਬਿਜਲੀ ਗਰਾਊਂਡ ਸੁਜਾਨਪੁਰ ਤੋਂ ਸ਼ੁਰੂ ਹੋ ਕੇ ਵਿਸ਼ਵਕਰਮਾ ਮੰਦਰ ਚੌਕ, ਮੇਨ ਬਾਜ਼ਾਰ, ਟੈਂਪੂ ਸਟੈਂਡ, ਪੁਲ ਨੰਬਰ 5, ਘਾਹ ਮੰਡੀ ਤੋਂ ਹੁੰਦਾ ਹੋਇਆ ਬਿਜਲੀ ਗਰਾਊਂਡ ਵਿੱਚ ਪੁੱਜ ਕੇ ਸਮਾਪਤ ਹੋਇਆ।

ਇਸ ਮੌਕੇ ਮੋਰਚੇ ਦੇ ਆਗੂ ਜਸਵੰਤ ਸਿੰਘ ਰਾਣੀਪੁਰ, ਭੁਪਿੰਦਰ ਸੈਣੀ, ਲੋਕ ਇਨਸਾਫ਼ ਵੈੱਲਫੇਅਰ ਪਾਰਟੀ ਦੇ ਪ੍ਰਧਾਨ ਬਲਵੀਰ ਸਿੰਘ, ਮੰਗਲ ਸਿੰਘ, ਅਸ਼ੋਕ ਕੁਮਾਰ ਆਦਿ ਨੇ ਕਿਹਾ ਕਿ ਇਹ ਮਾਰਚ ਕਿਸਾਨਾਂ ਦੇ ਸਮਰਥਨ ਵਿੱਚ ਕੱਢਿਆ ਗਿਆ ਹੈ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਿਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਜਾ ਰਿਹਾ ਦਿਨ ਰਾਤ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੇ 110ਵੇਂ ਦਿਨ ਦੌਰਾਨ ਬੋਲਦਿਆਂ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ।

ਮਾਨਸਰ (ਮਨਪ੍ਰੀਤ ਸਿੰਘ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਨਸਰ ’ਤੇ ਲਗਾਇਆ ਧਰਨਾ 142ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ‘ਸਭ ਦਾ ਸਾਥ ਤੇ ਸਭ ਵਿਕਾਸ’ ਦਾ ਨਾਅਰਾ ਮਾਰਨ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੱਤਾ ਦੇ ਨਸ਼ੇ ਵਿੱਚ ਰਾਜਾ ਬਣ ਕੇ ਗ਼ਰੀਬਾਂ ਨੂੰ ਕੁਚਲਣਾ ਚਾਹੁੰਦਾ ਹੈ।

ਚੇਤਨਪੁਰਾ (ਰਣਬੀਰ ਸਿੰਘ): ਪਿੰਡ ਸੈਂਸਰਾ ਕਲਾਂ ਦੇ ਸਰਕਾਰੀ ਸਕੂਲ ਵਿੱਚ ਕਿਰਤੀ ਕਿਸਾਨ ਯੂਨੀਅਨ ਵਲੋਂ ਤਿੰਨਾਂ ਸੈਸਰਿਆਂ ਦਾ ਸਾਂਝਾ ਇਕੱਠ ਕੀਤਾ ਗਿਆ। ਇਸ ਵਿੱਚ ਤਿੰਨਾਂ ਸੈਸਰਿਆਂ ਦੇ ਸਰਪੰਚ, ਸਾਬਕਾ ਸਰਪੰਚ ਅਤੇ ਮੋਹਤਬਰ ਹਾਜ਼ਰ ਹੋਏ ਤੇ ਦਿੱਲੀ ਧਰਨੇ ਵਿੱਚ ਜਾਣ ਲਈ ਚਰਚਾ ਕੀਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ 10-10 ਬੰਦਿਆਂ ਦਾ ਜਥਾ ਬਣਾ ਕੇ ਦਿੱਲੀ ਹਾਜ਼ਰੀ ਲਗਵਾਈ ਜਾਵੇਗੀ।

ਨੌਜਵਾਨਾਂ ਦਾ ਸੁਆਗਤ ਕਰਦੇ ਹੋਏ ਪਿੰਡ ਭਰਥ ਵਾਸੀ। -ਫੋਟੋ: ਰਾਣਾ

ਬਲਾਚੌਰ (ਗੁਰਦੇਵ ਸਿੰਘ ਗਹੂੰਣ/ਸੁਭਾਸ਼ ਜੋਸ਼ੀ): ਪਿੰਡ ਗੜ੍ਹੀ ਕਾਨੂੰਗੋਆਂ ਤੋਂ ਸਿੰਘੂ ਬਾਰਡਰ ਲਈ ਟਰਾਲੀ ਅਤੇ ਕਿਸਾਨਾਂ ਦਾ ਜਥਾ ਭੇਜਣ ਸਮੇਂ ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦਾ ਮੋਰਚਾ ਕੁਚਲਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਈ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿੰਡ ਮਹਿਰਾਜ ਤੋਂ ਚਾਲ ਦੀ ਸ਼ੁਰੂਆਤ ਕੀਤੀ। ਇਸ ਵਿੱਚ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਰਾਬਰ ਦੀ ਲੀਡਰਸ਼ਿਪ ਪੈਦਾ ਕਰਨ ਦੀ ਸਾਜ਼ਿਸ਼ ਕੀਤੀ ਹੈ। ਸ੍ਰੀ ਗੜ੍ਹੀ ਨੇ ਕਿਹਾ ਕਿ ਬਸਪਾ ਕਿਸਾਨ ਮੋਰਚੇ ਦਾ ਪੂਰਨ ਤੌਰ ’ਤੇ ਸਮੱਰਥਨ ਕਰਦੀ ਹੈ।

ਮੁਕੇਰੀਆਂ (ਜਗਜੀਤ ਸਿੰਘ): ਖੇਤੀ ਕਨੂੰਨਾਂ ਨੂੰ ਰੱਦ ਕਰਨ ਲਈ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਪਿੰਡ ਪਟਿਆਲ ਵਿਚ ਕਿਸਾਨਾਂ ਵਲੋਂ ਰੋਸ ਮਾਰਚ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਰੋਸ ਮਾਰਚ ਦੀ ਅਗਵਾਈ ਸਰਪੰਚ ਹਰਜਿੰਦਰ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਸੂਰਮ ਸਿੰਘ ਅਤੇ ਸਤਵੀਰ ਸਿੰਘ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ, ਵਿਜੇ ਸਿੰਘ ਪੋਤਾ, ਰਾਮ ਲੁਭਾਇਆ, ਅਰਜਿੰਦਰ ਪਾਲ ਸਿੰਘ, ਸੋਮ ਰਾਜ ਅਤੇ ਕਮਲਦੀਪ ਨੇ ਵੀ ਸ਼ਮੂਲੀਅਤ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All