ਐੱਨਪੀ ਧਵਨ
ਪਠਾਨਕੋਟ, 8 ਜੁਲਾਈ
ਸ਼ਹਿਰ ਦੇ ਢਾਂਗੂ ਰੋਡ ਸਥਿਤ ਯੂਨੀਅਨ ਬੈਂਕ ਆਫ ਇੰਡੀਆ ਵਿੱਚ ਅੱਜ ਇੱਕ ਨੌਜਵਾਨ ਆਧਾਰ ਕਾਰਡ ’ਤੇ ਇੱਕ ਨਾਮੀ ਗੈਂਗਸਟਰ ਦੀ ਫੋਟੋ ਲਾ ਕੇ ਖਾਤਾ ਖੁੱਲ੍ਹਵਾਉਣ ਪੁੱਜਿਆ। ਆਧਾਰ ਕਾਰਡ ਦੀ ਜਾਂਚ ਮੌਕੇ ਸ਼ੱਕ ਹੋਣ ’ਤੇ ਜਦੋਂ ਬੈਂਕ ਮੁਲਾਜ਼ਮਾਂ ਨੇ ਫੋਟੋ ਦੀ ਜਾਂਚ ਕੀਤੀ ਤਾਂ ਇਹ ਗੈਂਗਸਟਰ ਗੋਲਡੀ ਬਰਾੜ ਦੀ ਸੀ। ਨੌਜਵਾਨ ਵੱਲੋਂ ਨੱਥੀ ਕੀਤਾ ਗਿਆ ਪੈਨ ਕਾਰਡ ਵੀ ਜਾਅਲੀ ਸੀ। ਅਸਲੀਅਤ ਦਾ ਪਤਾ ਲੱਗਣ ’ਤੇ ਨੌਜਵਾਨ ਬੈਂਕ ’ਚੋਂ ਫਰਾਰ ਹੋ ਗਿਆ। ਹਾਲਾਂਕਿ ਇੱਕ ਮੁਲਾਜ਼ਮ ਨੇ ਸਕੂਟੀ ’ਤੇ ਉਸ ਦਾ ਪਿੱਛਾ ਕੀਤਾ, ਪਰ ਨੌਜਵਾਨ ਉਸ ਦੇ ਹੱਥ ਨਾ ਲੱਗਿਆ। ਬੈਂਕ ਅਧਿਕਾਰੀ ਵੱਲੋਂ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ, ਜਿਸ ਮਗਰੋਂ ਡੀਐੱਸਪੀ ਸਿਟੀ ਲਖਵਿੰਦਰ ਸਿੰਘ ਰੰਧਾਵਾ, ਥਾਣਾ ਮੁਖੀ ਮਨਦੀਪ ਸਲਗੋਤਰਾ ਤੇ ਜ਼ਿਲ੍ਹਾ ਪੁਲੀਸ ਮੁਖੀ ਅਰੁਣ ਸੈਣੀ ਮੌਕੇ ’ਤੇ ਪਹੁੰਚੇ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾ ਰਹੀ ਹੈ। ਮਾਮਲੇ ਵਿੱਚ ਗੈਂਗਸਟਰ ਦਾ ਨਾਂ ਸਾਹਮਣੇ ਆਉਣ ਬਾਅਦ ਜ਼ਿਲ੍ਹਾ ਪੁਲੀਸ ਨੂੰ ਵੀ ਅਲਰਟ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਅਰੁਣ ਸੈਣੀ ਨੇ ਦੱਸਿਆ ਕਿ ਨੌਜਵਾਨ ਵੱਲੋਂ ਦਿੱਤਾ ਗਿਆ ਪੈਨ ਕਾਰਡ ਮਾਂਗੀ ਰਾਮ ਵਾਸੀ ਪ੍ਰੇਮ ਨਗਰ ਪਠਾਨਕੋਟ ਦੇ ਨਾਂ ’ਤੇ ਸੀ ਤੇ ਜਾਂਚ ਮਗਰੋਂ ਮਾਂਗੀ ਰਾਮ ਜੋਧਪੁਰ ਦਾ ਵਸਨੀਕ ਨਿਕਲਿਆ। ਉਨ੍ਹਾਂ ਕਿਹਾ ਕਿ ਥਾਣਾ ਡਵੀਜ਼ਨ ਨੰਬਰ 2, ਪਠਾਨਕੋਟ ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ।